ਮੈਂ ਕਦੇ ਕਿਸੇ ਨੂੰ ਨਹੀਂ ਝਿੜਕਦਾ ਪਰ ਕਸ਼ਮੀਰ ਦੇ ਸਵਾਲ ''ਤੇ ਗੁੱਸਾ ਆ ਜਾਂਦਾ ਹੈ : ਅਮਿਤ ਸ਼ਾਹ

Monday, Apr 04, 2022 - 04:43 PM (IST)

ਮੈਂ ਕਦੇ ਕਿਸੇ ਨੂੰ ਨਹੀਂ ਝਿੜਕਦਾ ਪਰ ਕਸ਼ਮੀਰ ਦੇ ਸਵਾਲ ''ਤੇ ਗੁੱਸਾ ਆ ਜਾਂਦਾ ਹੈ : ਅਮਿਤ ਸ਼ਾਹ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ 'ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹ ਨਾ ਤਾਂ ਕਦੇ ਝਿੜਕਦੇ ਹਨ ਅਤੇ ਨਾ ਹੀ ਗੁੱਸੇ ਹੁੰਦੇ ਹਨ ਪਰ ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਗੁੱਸਾ ਆ ਜਾਂਦਾ ਹੈ। ਸਦਨ 'ਚ 'ਅਪਰਾਧ ਪ੍ਰਕਿਰਿਆ (ਪਛਾਣ) ਬਿੱਲ, 2022' ਨੂੰ ਚਰਚਾ ਲਈ ਪੇਸ਼ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਕ 'ਮਾਡਲ ਜੇਲ੍ਹ ਮੈਨੂਅਲ' ਤਿਆਰ ਕਰ ਰਹੀ ਹੈ ਜੋ ਰਾਜਾਂ ਨੂੰ ਭੇਜਿਆ ਜਾਵੇਗਾ। ਜਦੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਤ ਸੌਗਤ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਮੈਨੂਅਲ ਦਾ ਖਰੜਾ ਨਹੀਂ ਦੇਖਿਆ ਹੈ ਤਾਂ ਸ਼ਾਹ ਨੇ ਕਿਹਾ,''ਨਹੀਂ ਦੇਖੋਗੇ, ਕਿਉਂਕਿ ਤੁਸੀਂ ਸਰਕਾਰ 'ਚ ਨਹੀਂ ਹੋ। ਸਰਕਾਰ ਹੁਣ ਬਣਾ ਰਹੀ ਹੈ। ਜੇਕਰ ਤੁਸੀਂ ਸਰਕਾਰ 'ਚ ਹੁੰਦੇ ਤਾਂ ਜ਼ਰੂਰ ਦੇਖਦੇ। ਮੈਂ ਤੁਹਾਨੂੰ ਪਹਿਲਾਂ ਤੋਂ ਭਰੋਸਾ ਦਿਵਾਉਣ ਲਈ ਇਹ ਕਹਿ ਰਿਹਾ ਹਾਂ।''

ਇਸ 'ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਬੰਦੋਪਾਧਿਆਏ ਨੂੰ ਸਦਨ 'ਚ ਇਹ ਕਹਿੰਦੇ ਸੁਣਿਆ ਗਿਆ ਕਿ 'ਜਦੋਂ ਤੁਸੀਂ ਦਾਦਾ (ਸੌਗਤ ਰਾਏ) ਨੂੰ ਬੋਲਦੇ ਹੋ ਤਾਂ ਝਿੜਕ ਕੇ ਬੋਲਦੇ ਹੋ। ਇਸ ਦੇ ਜਵਾਬ 'ਚ ਸ਼ਾਹ ਨੇ ਮੁਸਕਰਾਉਂਦੇ ਹੋਏ ਕਿਹਾ,“ਨਹੀਂ, ਨਹੀਂ… ਮੈਂ ਕਦੇ ਕਿਸੇ ਨੂੰ ਝਿੜਕਿਆ ਨਹੀਂ। ਮੇਰੀ ਆਵਾਜ਼ ਥੋੜ੍ਹੀ ਉੱਚੀ ਹੈ। ਇਹ ਮੇਰਾ 'ਮੈਨਿਊਫੈਕਚਰਿੰਗ ਡਿਫੈਕਟ' ਹੈ।'' ਉਨ੍ਹਾਂ ਕਿਹਾ,''ਮੈਂ ਕਦੇ ਕਿਸੇ ਨੂੰ ਝਿੜਕਦਾ ਨਹੀਂ ਅਤੇ ਨਾ ਹੀ ਕਦੇ ਗੁੱਸਾ ਹੁੰਦਾ ਹਾਂ। ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਮੈਂ ਗੁੱਸਾ ਹੋ ਜਾਂਦਾ ਹਾਂ, ਬਾਕੀ ਨਹੀਂ ਹੁੰਦਾ।'' ਇਸ 'ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਮੈਂਬਰ ਹੱਸ ਪਏ।


author

DIsha

Content Editor

Related News