ਆਤਮਸਮਰਪਣ ਕਰਨ ਤੋਂ ਪਹਿਲਾਂ ਬੋਲੇ ਕੇਜਰੀਵਾਲ- ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾਂ ਹਾਂ

Sunday, Jun 02, 2024 - 04:12 PM (IST)

ਆਤਮਸਮਰਪਣ ਕਰਨ ਤੋਂ ਪਹਿਲਾਂ ਬੋਲੇ ਕੇਜਰੀਵਾਲ- ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾਂ ਹਾਂ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਕਾਰਨ ਵਾਪਸ ਜੇਲ੍ਹ ਨਹੀਂ ਜਾ ਰਹੇ ਹਨ ਸਗੋਂ ਇਸ ਲਈ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ 'ਤਾਨਾਸ਼ਾਹੀ' ਖ਼ਿਲਾਫ਼ ਆਵਾਜ਼ ਚੁੱਕੀ ਸੀ। ਕੇਜਰੀਵਾਲ ਨੂੰ 10 ਮਈ ਨੂੰ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਤਾਂ ਕਿ ਉਹ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰ ਸਕਣ। ਜ਼ਮਾਨਤ ਦੀ ਮਿਆਦ ਇਕ ਜੂਨ ਨੂੰ ਖ਼ਤਮ ਹੋ ਗਈ, ਜਿਸ ਦਿਨ ਆਮ ਚੋਣਾਂ ਦਾ 7ਵਾਂ ਅਤੇ ਆਖ਼ਰੀ ਪੜਾਅ ਸੀ। ਤਿਹਾੜ ਜੇਲ੍ਹ 'ਚ ਆਤਮਸਮਰਪਣ ਕਰਨ ਤੋਂ ਪਹਿਲੇ ਪਾਰਟੀ ਦੇ ਦਫ਼ਤਰ 'ਚ 'ਆਪ' ਵਰਕਰਾਂ ਅਤੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਬਚਾਉਣ ਲਈ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ  ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾਂ ਹਾਂ।

ਉਨ੍ਹਾਂ ਕਿਹਾ,''ਮੈਂ ਇਸ ਲਈ ਵਾਪਸ ਜੇਲ੍ਹ ਨਹੀਂ ਜਾ ਰਿਹਾ ਹਾਂ ਕਿਉਂਕਿ ਮੈਂ ਭ੍ਰਿਸ਼ਟਾਚਾਰ 'ਚ ਸ਼ਾਮਲ ਸੀ ਸਗੋਂ ਇਸ ਲਈ ਜਾ ਰਿਹਾ ਹਾਂ, ਕਿਉਂਕਿ ਮੈਂ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਸੀ।'' ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਦੇ ਤੀਜੇ ਕਾਰਜਕਾਲ ਦੀ ਭਵਿੱਖਬਾਣੀ ਕਰਨ ਵਾਲੇ ਸਾਰੇ ਐਗਜ਼ਿਟ ਪੋਲ 'ਫਰਜ਼ੀ' ਸਨ। ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਕੱਲ੍ਹ ਐਗਜ਼ਿਟ ਪੋਲ ਆਏ ਸਨ ਅਤੇ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਹਾਂ ਕਿ ਉਹ ਫਰਜ਼ੀ ਹਨ। ਰਾਜਸਥਾਨ 'ਚ 25 ਸੰਸਦੀ ਸੀਟਾਂ ਹਨ ਪਰ ਇਕ ਐਗਜ਼ਿਟ ਪੋਲ ਨੇ ਉਨ੍ਹਾਂ ਨੂੰ 33 ਸੀਟਾਂ ਦਿੱਤੀਆਂ ਹਨ। ਆਖ਼ਰ ਕੀ ਵਜ੍ਹਾ ਸੀ ਕਿ ਉਨ੍ਹਾਂ ਨੂੰ ਫਰਜ਼ੀ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰਨੇ ਪਏ?'' ਸ਼ਨੀਵਾਰ ਨੂੰ ਐਗਜ਼ਿਟ ਪੋਲ 'ਚ ਭਵਿੱਖਬਾਣੀ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ 'ਚ ਬਣੇ ਰਹਿਣਗੇ, ਜਦੋਂ ਕਿ ਐੱਨ.ਡੀ.ਏ. ਨੂੰ ਚੋਣਾਂ 'ਚ ਭਾਰੀ ਬਹੁਮਤ ਮਿਲਣ ਦੀ ਉਮੀਦ ਹੈ।

ਕੇਜਰੀਵਾਲ ਨੇ 'ਆਪ' ਵਰਕਰਾਂ ਅਤੇ ਨੇਤਾਵਾਂ ਨੂੰ ਕਿਹਾ,''ਉਹ 4 ਜੂਨ ਨੂੰ ਸਰਕਾਰ ਨਹੀਂ ਬਣਾ ਰਹੇ ਸਨ। ਇਹ ਐਗਜ਼ਿਟ ਪੋਲ ਤੁਹਾਨੂੰ ਤਣਾਅ 'ਚ ਪਾਉਣ ਲਈ ਮਾਈਂਡ ਗੇਮ ਹਨ।'' ਉਨ੍ਹਾਂ ਕਿਹਾ,''ਮੈਂ ਸਾਰੇ 'ਇੰਡੀਆ' ਬਲਾਕ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਚੌਕਸ ਰਹਿਣ ਅਤੇ ਆਪਣੇ ਕਾਊਂਟਿੰਗ ਏਜੰਟਾਂ ਨੂੰ ਜਲਦੀ ਨਾ ਜਾਣ ਦੇਣ। ਕਾਊਂਟਿੰਗ ਏਜੰਟਾਂ ਨੂੰ ਈ.ਵੀ.ਐੱਮ. ਅਤੇ ਵੀਵੀਪੈਟ ਦੀ ਗਿਣਤੀ ਹੋਣ ਤੱਕ ਅੰਤ ਤੱਕ ਰਹਿਣਾ ਹੋਵੇਗਾ। ਭਾਵੇਂ ਹੀ ਉਮੀਦਵਾਰ ਹਾਰ ਰਿਹਾ ਹੋਵੇ, ਉਨ੍ਹਾਂ ਨੂੰ ਅੰਤ ਤੱਕ ਰਹਿਣਾ ਹੋਵੇਗਾ।'' ਆਮ ਚੋਣਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।  ਕੇਜਰੀਵਾਲ ਨੇ ਕਿਹਾ,''ਮੈਂ ਸੁਪਰੀਮ ਕੋਰਟ ਨੇ 21 ਦਿਨ ਦੀ ਮੋਹਲਤ ਦਿੱਤੀ ਸੀ। ਇਹ 21 ਦਿਨ ਯਾਦਗਾਰ ਰਹੇ। ਮੈਂ ਇਕ ਮਿੰਟ ਵੀ ਬਰਬਾਦ ਨਹੀਂ ਕੀਤਾ। ਮੈਂ ਦੇਸ਼ ਨੂੰ ਬਚਾਉਣ ਲਈ ਮੁਹਿੰਮ ਚਲਾਈ। ਦੇਸ਼ ਪਹਿਲੇ ਹੈ।'' ਉਨ੍ਹਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ 'ਚ ਸਵੀਕਾਰ ਕੀਤਾ ਹੈ ਕਿ ਆਬਕਾਰੀ ਨੀਤੀ ਮਾਮਲੇ 'ਚ ਇਕ ਵੀ ਪੈਸਾ ਬਰਾਮਦ ਨਹੀਂ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ,''ਉਨ੍ਹਾਂ ਕਿਹਾ ਕਿ ਮੈਂ ਇਕ 'ਅਨੁਭਵੀ ਚੋਰ' ਹਾਂ। ਪਾਰਟੀ ਦਫ਼ਤਰ ਪਹੁੰਚਣ ਤੋਂ ਪਹਿਲਾਂ, ਕੇਜਰੀਵਾਲ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਵਿਚ ਪੂਜਾ ਕੀਤੀ। ਉਨ੍ਹਾਂ ਕਿਹਾ,"ਮੈਂ ਰਾਜਘਾਟ 'ਤੇ ਮੱਥਾ ਟੇਕਿਆ। ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਗਾਂਧੀ ਜੀ ਸਾਡੇ ਪ੍ਰੇਰਨਾ ਸਰੋਤ ਹਨ। ਮੈਂ ਹਨੂੰਮਾਨ ਮੰਦਰ ਗਿਆ। ਮੈਨੂੰ ਬਜਰੰਗਬਲੀ ਦਾ ਆਸ਼ੀਰਵਾਦ ਪ੍ਰਾਪਤ ਹੈ। 4 ਜੂਨ ਮੰਗਲਵਾਰ ਹੈ। ਬਜਰੰਗਬਲੀ ਤਾਨਾਸ਼ਾਹੀ ਨੂੰ ਖ਼ਤਮ ਕਰਨਗੇ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News