ਸੱਪ ਦੇ ਡੱਸਣ ਨਾਲ ਮਰੀ ਜਨਾਨੀ, ਪੁਲਸ ਨੇ ਜਾਂਚ ਕੀਤੀ ਤਾਂ ਪਤੀ ਹੀ ਨਿਕਲਿਆ ਕਾਤਲ

05/25/2020 5:09:51 PM

ਕੋਲਮ— ਕੇਰਲ ਦੇ ਕੋਲਮ ਜ਼ਿਲੇ 'ਚ ਸੱਪ ਦੇ ਡੱਸਣ ਨਾਲ ਇਕ ਜਨਾਨੀ ਦੀ ਮੌਤ ਹੋ ਗਈ। ਕ੍ਰਾਈਮ ਬਰਾਂਚ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਕਤਲ ਸੀ, ਜਿਸ ਦੀ ਯੋਜਨਾ ਜਨਾਨੀ ਦੇ ਪਤੀ ਸੂਰਜ ਨੇ ਕੀਤੀ ਸੀ। ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਅਪਰਾਧ ਵਿਚ ਸਾਥ ਦੇਣ ਵਾਲੇ ਪਤੀ ਦੇ ਮਿੱਤਰ ਸੁਰੇਸ਼ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬਰਾਂਚ ਨੇ ਕਿਹਾ ਕਿ ਜਿਸ ਸੱਪ ਨੇ ਜਨਾਨੀ ਨੂੰ ਡੱਸਿਆ ਸੀ, ਉਸ ਨੂੰ ਉਸ ਦੇ ਪਤੀ ਨੇ ਆਪਣੇ ਮਿੱਤਰ ਤੋਂ ਖਰੀਦਿਆ ਸੀ। 

PunjabKesari

ਸੁੱਤੀ ਪਤਨੀ 'ਤੇ ਸੁੱਟਿਆ ਸੀ ਸੱਪ—
ਦਰਅਸਲ ਇਹ ਮਾਮਲਾ 6 ਮਈ ਦਾ ਹੈ। ਪੁਲਸ ਨੇ ਦੱਸਿਆ ਕਿ ਪੀੜਤ ਜਨਾਨੀ ਜਿਸ ਦਾ ਨਾਂ ਉਥਰਾ ਹੈ, ਘਟਨਾ ਦੇ ਸਮੇਂ ਉਹ ਆਪਣੇ ਪੇਕੇ ਘਰ 'ਚ ਸੀ। ਇਕ ਦਿਨ ਉਸ ਦਾ ਪਤੀ ਪਹਿਲਾਂ ਤੋਂ ਹੀ ਤੈਅ ਯੋਜਨਾ ਮੁਤਾਬਕ ਇਕ ਸੱਪ ਖਰੀਦ ਕੇ ਘਰ ਲਿਆਇਆ। ਪਤੀ ਸੂਰਜ ਨੇ ਸੱਪ ਨੂੰ ਇਕ ਬੈਗ ਵਿਚ ਲੁਕੋ ਕੇ ਰੱਖਿਆ ਸੀ। ਉਸ ਨੇ ਸੱਪ ਨੂੰ ਸੁੱਤੀ ਪਈ ਪਤਨੀ ਦੇ ਉੱਪਰ ਸੁੱਟ ਦਿੱਤਾ। ਸੱਪ ਨੇ ਉਸ ਦੀ 25 ਸਾਲਾ ਪਤਨੀ ਉਥਰਾ ਨੂੰ ਦੋ ਵਾਰ ਡੱਸਿਆ ਅਤੇ ਉਹ ਬੈਠ ਕੇ ਇਸ ਸਭ ਦੇਖਦਾ ਰਿਹਾ। ਬਾਅਦ ਵਿਚ ਸੱਪ ਨੂੰ ਫਿਰ ਤੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਸੱਪ ਇਕ ਅਲਮਾਰੀ ਦੇ ਪਿੱਛੇ ਜਾ ਕੇ ਲੁੱਕ ਗਿਆ। ਸੂਰਜ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਸਵੇਰ ਹੁੰਦੇ ਹੀ ਉਹ ਘਰ 'ਚੋਂ ਬਾਹਰ ਚੱਲਾ ਗਿਆ। ਬਾਅਦ ਵਿਚ ਉਥਰਾ ਦੇ ਮਾਂ-ਪਿਓ ਨੇ ਉਸ ਨੂੰ ਆਪਣੇ ਕਮਰੇ 'ਚ ਮ੍ਰਿਤਕ ਪਾਇਆ। ਪੁਲਸ ਨੇ ਦੱਸਿਆ ਕਿ ਉਥਰਾ ਨਾਲ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਸੀ। ਜਦੋਂ ਉਹ ਆਪਣੇ ਪਤੀ ਦੇ ਘਰ ਵਿਚ ਸੀ, ਉਦੋਂ ਵੀ ਉਸ ਨੂੰ ਇਕ ਨਾਗ ਨੇ ਡੱਸਿਆ ਸੀ। 

ਮਾਮਲਾ ਸ਼ੱਕੀ ਲੱਗਣ ਤੋਂ ਬਾਅਦ ਉਥਰਾ ਦੇ ਮਾਂ-ਪਿਓ ਨੇ ਰਿਪੋਰਟ ਕਰਵਾਈ ਦਰਜ—
ਇਸ ਘਟਨਾ ਤੋਂ ਬਾਅਦ ਉਥਰਾ ਦੇ ਮਾਂ-ਪਿਓ ਨੂੰ ਮਾਮਲਾ ਸ਼ੱਕੀ ਲੱਗਾ ਅਤੇ ਉਨ੍ਹਾਂ ਨੇ ਥਾਣੇ ਵਿਚ ਰਿਪੋਰਟ ਦਰਜ ਕਰਵਾਈ। ਬਾਅਦ 'ਚ ਪੁਲਸ ਜਾਂਚ 'ਚ ਖੁਲਾਸਾ ਹੋਇਆ ਕਿ ਉਥਰਾ ਦੇ ਕਤਲ ਦਾ ਜ਼ਿੰਮੇਵਾਰ ਉਸ ਦਾ ਪਤੀ ਸੂਰਜ ਹੈ। ਉਸ ਨੇ ਹੀ ਨਾਗ ਆਪਣੇ ਦੋਸਤ ਸੁਰੇਸ਼ ਤੋਂ ਖਰੀਦਿਆ ਸੀ ਅਤੇ ਇਸ ਦੀ ਮਦਦ ਨਾਲ ਉਸ ਨੇ ਉਥਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। 3 ਮਾਰਚ ਦੀ ਇਸ ਘਟਨਾ ਵਿਚ ਵੀ ਨਾਗ ਨੇ ਉਥਰਾ ਨੂੰ ਡੱਸ ਲਿਆ ਸੀ ਪਰ ਤੁਰੰਤ ਇਲਾਜ ਮਿਲਣ ਤੋਂ ਬਾਅਦ ਉਸ ਦੀ ਜਾਨ ਬਚ ਗਈ ਸੀ। ਇਸ ਨਾਲ ਪਤੀ ਦੇ ਹੌਂਸਲੇ ਬੁਲੰਦ ਹੋ ਗਏ। ਉਸ ਨੇ ਯੂ-ਟਿਊਬ 'ਤੇ ਸੱਪ ਨੂੰ ਹੈਂਡਲ ਕਰਨ ਦਾ ਤਰੀਕਾ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਆਖਰਕਾਰ ਉਸ ਨੇ ਉਥਰਾ ਦੀ ਜਾਨ ਲੈ ਕੇ ਹੀ ਸਾਹ ਲਿਆ।  

ਕਿਸੇ ਹੋਰ ਜਨਾਨੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਸੂਰਜ—
ਪੁੱਛ-ਗਿੱਛ ਵਿਚ ਪੁਲਸ ਨੇ ਦੱਸਿਆ ਕਿ ਦੋਸ਼ੀ ਸੂਰਜ ਕਿਸੇ ਹੋਰ ਜਨਾਨੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਆਪਣੀ ਪਤਨੀ ਉਥਰਾ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਸੂਰਜ ਅਤੇ ਉਸ ਦੇ ਮਿੱਤਰ ਸੁਰੇਸ਼ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਸ ਅੱਗੇ ਦੀ ਕਾਰਵਾਈ ਕਰੇਗੀ।


Tanu

Content Editor

Related News