ਸਮੁੰਦਰੀ ਤੂਫਾਨ ‘ਯਾਸ’ 26-27 ਮਈ ਨੂੰ ਦੇਵੇਗਾ ਦਸਤਕ, ਓਡਿਸ਼ਾ ’ਚ ਭਾਰੀ ਮੀਂਹ

Saturday, May 22, 2021 - 05:11 AM (IST)

ਸਮੁੰਦਰੀ ਤੂਫਾਨ ‘ਯਾਸ’ 26-27 ਮਈ ਨੂੰ ਦੇਵੇਗਾ ਦਸਤਕ, ਓਡਿਸ਼ਾ ’ਚ ਭਾਰੀ ਮੀਂਹ

ਨਵੀਂ ਦਿੱਲੀ - ਦੇਸ਼ ਦੇ ਪੂਰਬੀ ਸਮੁੰਦਰੀ ਕੰਢਿਆਂ ਵਾਲੇ ਖੇਤਰ ’ਚ 26-27 ਮਈ ਦੇ ਆਸ-ਪਾਸ ਨਵਾਂ ਸਮੁੰਦਰੀ ਤੂਫਾਨ ‘ਯਾਸ’ ਦਸਤਕ ਦੇ ਸਕਦਾ ਹੈ। ਇਸ ਨਾਲ ਨਜਿੱਠਣ ਲਈ ਕੌਮੀ ਆਫਤ ਪ੍ਰਬੰਧਕੀ ਫੋਰਸ (ਐੱਨ.ਡੀ.ਆਰ.ਐੱਫ.) ਨੇ ਪੱਛਮੀ ਬੰਗਾਲ ਅਤੇ ਓਡਿਸ਼ਾ ’ਚ ਆਪਣੇ ਜਵਾਨਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਓਡਿਸ਼ਾ ਦੀ ਰਾਜਧਾਨੀ ਅਤੇ ਹੋਰ ਇਲਾਕਿਆਂ ’ਚ ਭਾਰੀ ਮੀਂਹ ਪਿਆ। ਦੋਹਾਂ ਸੂਬਿਆਂ ਦੇ ਮਛੇਰਿਆਂ ਨੂੰ ਰੇਡੀਓ ਸੰਦੇਸ਼ ਭੇਜ ਕੇ ਕੰਢਿਆਂ ’ਤੇ ਵਾਪਸ ਆ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸਮੁੰਦਰੀ ਤੂਫਾਨ ਚਿਤਾਵਨੀ ਸੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਆਉਂਦੇ 72 ਘੰਟਿਆਂ ’ਚ ਹੌਲੀ-ਹੌਲੀ ਇਸ ਦੇ ਸਮੁੰਦਰੀ ਤੂਫਾਨ ’ਚ ਤਬਦੀਲ ਹੋ ਜਾਣ ਦੀ ਪੂਰੀ ਸੰਭਾਵਨਾ ਹੈ। ਇਹ ਉੱਤਰੀ ਪੱਛਮੀ ਦਿਸ਼ਾ ਵੱਲ ਵੱਧ ਸਕਦਾ ਹੈ। 26 ਮਈ ਨੂੰ ਸ਼ਾਮ ਵੇਲੇ ਇਹ ਪੱਛਮੀ ਬੰਗਾਲ ਅਤੇ ਓਡਿਸ਼ਾ ਦੇ ਸਮੁੰਦਰੀ ਕੰਢਿਆਂ ਤੱਕ ਪਹੁੰਚ ਸਕਦਾ ਹੈ। 22 ਮਈ ਨੂੰ ਉੱਤਰੀ ਅੰਡੇਮਾਨ ਸਾਗਰ ਅਤੇ ਆਸ-ਪਾਸ ਦੀ ਪੂਰਬੀ-ਮੱਧ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਓਡਿਸ਼ਾ ਅਤੇ ਪੱਛਮੀ ਬੰਗਾਲ ’ਚ ਤੂਫਾਨ ਦਾ ਅਸਰ ਹੋਣ ਦੇ ਨਾਲ ਹੀ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਅਤੇ ਪੂਰਬੀ ਕੰਢੇ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਹੜ ਵਰਗੇ ਹਾਲਾਤ ਵੀ ਬਣ ਸਕਦੇ ਹਨ।

ਪੱਛਮੀ ਸਮੁੰਦਰੀ ਕੰਢੇ ਵਾਲੇ ਖੇਤਰ ’ਚ ਸਮੁੰਦਰੀ ਤੂਫਾਨ ‘ਤਾਉਤੇ’ ਕਾਰਨ ਪ੍ਰਭਾਵਿਤ ਸੂਬਿਆਂ ’ਚ ਬਚਾਅ ਅਤੇ ਮੁੜ ਵਸੇਬੇ ਦੇ ਕੰਮ ਲਈ ਭੇਜੀਆਂ ਗਈਆਂ ਐੱਨ.ਡੀ.ਆਰ.ਐੱਫ. ਦੀਆਂ ਪਾਰਟੀਆਂ ਨੂੰ ਵਾਪਸ ਸੱਦਿਆ ਜਾ ਰਿਹਾ ਹੈ। ਆਉਣ ਵਾਲੇ ਤੂਫਾਨ ਲਈ ਐੱਨ.ਡੀ.ਆਰ.ਐੱਫ. ਦੀਆਂ ਕਿਹੜੀਆਂ ਪਾਰਟੀਆਂ ਨੂੰ ਪਛਾਣਿਆਂ ਜਾਏਗਾ, ਇਸ ਸਬੰਧੀ ਫੈਸਲਾ ਭਾਰਤੀ ਮੌਸਮ ਵਿਗਿਆਨ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੋਵੇਗਾ। ਕੇਂਦਰੀ ਫੋਰਸ ਨੇ ਭਿਆਨਕ ਸਮੁੰਦਰੀ ਤੂਫਾਨ ‘ਤਾਉਤੇ’ ਲਈ ਕੁੱਲ 101 ਟੀਮਾਂ ਨੂੰ ਤਾਇਨਾਤ ਕੀਤਾ ਹੈ।

ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼, ਓਡਿਸ਼ਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਿਹਤ ਕੇਂਦਰਾਂ ’ਤੇ ਲੋੜੀਂਦੀਆਂ ਦਵਾਈਆਂ ਅਤੇ ਸੋਮਿਆਂ ਦਾ ਭੰਡਾਰ ਰੱਖਿਆ ਜਾਏ ਤਾਂ ਜੋ ‘ਯਾਸ’ ਤੂਫਾਨ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News