ਦਰਦਨਾਕ ਹਾਦਸਾ: ਚਲਦੀ ਸਕੂਲ ਬੱਸ 'ਤੇ ਡਿੱਗਿਆ ਵੱਡਾ ਦਰੱਖਤ; ਜਵਾਕ ਦੀ ਮੌਤ, 4 ਬੱਚੇ ਗੰਭੀਰ ਜ਼ਖ਼ਮੀ
Wednesday, Jul 22, 2026 - 10:40 PM (IST)
ਮੰਗਲੁਰੂ : ਕਰਨਾਟਕ ਦੇ ਮੰਗਲੁਰੂ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੱਖਣੀ ਕੰਨੜ ਜ਼ਿਲ੍ਹੇ ਦੇ ਬੰਟਵਾਲ ਤਾਲੁਕ ਵਿੱਚ ਇੱਕ ਚਲਦੀ ਸਕੂਲ ਬੱਸ 'ਤੇ ਵਿਸ਼ਾਲ ਰੁੱਖ ਡਿੱਗਣ ਕਾਰਨ ਛੇ ਸਾਲ ਦੀ ਇੱਕ ਮਾਸੂਮ ਵਿਦਿਆਰਥਣ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ 24 ਸੀਟਾਂ ਵਾਲੀ ਸਕੂਲ ਬੱਸ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਛੱਡਣ ਜਾ ਰਹੀ ਸੀ। ਬੰਟਵਾਲ ਤਾਲੁਕ ਦੇ ਕਲੇੱਟੀ ਇਲਾਕੇ ਵਿੱਚ ਬੱਸ ਨੇ ਅਜੇ ਕੁਝ ਬੱਚਿਆਂ ਨੂੰ ਉਤਾਰਿਆ ਹੀ ਸੀ ਕਿ ਸ੍ਰੀ ਕਨਾਲਥਾਇਆ ਦੈਵਸਥਾਨ ਨੇੜੇ ਸੜਕ ਕਿਨਾਰੇ ਖੜ੍ਹਾ ਇੱਕ ਵਿਸ਼ਾਲ ਰੁੱਖ ਅਚਾਨਕ ਉਖੜ ਕੇ ਚਲਦੀ ਬੱਸ 'ਤੇ ਜਾ ਡਿੱਗਿਆ। ਦਰੱਖਤ ਡਿੱਗਣ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਚਿਆਂ ਵਿੱਚ ਭਾਜੜ ਮਚ ਗਈ।
ਮ੍ਰਿਤਕ ਬੱਚੀ ਦੀ ਪਛਾਣ 6 ਸਾਲਾ ਚਿਰਾਨਵੀ ਵਜੋਂ ਹੋਈ ਹੈ, ਜੋ ਕਿ ਕੱਲਾਡਕਾ ਸ੍ਰੀ ਰਾਮ ਵਿਦਿਆਕੇਂਦਰ ਸਕੂਲ ਵਿੱਚ ਯੂਕੇਜੀ ਦੀ ਵਿਦਿਆਰਥਣ ਸੀ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਵਿਦਿਆਰਥੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਚਿਰਾਨਵੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਾਸੂਮ ਬੱਚੀ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਇਸ ਦਰਦਨਾਕ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਹੋਰ ਜ਼ਖ਼ਮੀ ਚਾਰ ਬੱਚਿਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
