ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁਖੀ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫ਼ਾ
Monday, Sep 04, 2023 - 10:28 AM (IST)
ਹਰਿਆਣਾ (ਭਾਸ਼ਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੇ ਐਡਹਾਕ ਪੈਨਲ ਦੇ ਮੁਖੀ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਧਮੀਜਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੰਘ ਅਤੇ ਧਮੀਜਾ ਨੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਟੀ.ਵੀ.ਐੱਸ.ਐੱਨ. ਪ੍ਰਸਾਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦੋਹਾਂ ਦੇ ਅਹੁਦਾ ਛੱਡਣ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਅਤੇ ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਨਹੀਂ ਕੀਤਾ ਜਾ ਸਕਿਆ। ਇਹ ਘਟਨਾਕ੍ਰਮ ਕਮੇਟੀ ਦੇ ਅਹੁਦਾ ਅਧਿਕਾਰੀਆਂ ਵਿਚਾਲੇ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਦਰਮਿਆਨ ਆਇਆ ਹੈ।
ਇਕ ਹਫ਼ਤੇ ਤੋਂ ਵੱਧ ਸਮੇਂ ਪਹਿਲਾਂ, ਅਕਾਲ ਤਖਤ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ 14 ਅਗਸਤ ਨੂੰ ਪੰਜੋਖਰਾ ਸਾਹਿਬ ਗੁਰਦੁਆਰੇ 'ਚ ਆਯੋਜਿਤ ਐਡਹਾਕ ਕਾਰਜਕਾਰੀ ਕਮੇਟੀ ਦੀ ਬੈਠਕ ਦੌਰਾਨ ਤਿੱਖੀ ਬਹਿਸ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐੱਚ.ਐੱਸ.ਜੀ.ਐੱਮ.ਸੀ. ਦੀ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨਿਕ ਸਭ 'ਤੇ ਪਾਬੰਦੀ ਲਗਾ ਦਿੱਤੀ ਹੈ। ਜੱਥੇਦਾਰ ਨੇ ਕਿਹਾ ਸੀ ਕਿ ਇਕ ਸਬ-ਕਮੇਟੀ ਇਸ ਮੁੱਦੇ 'ਤੇ ਗੌਰ ਕਰੇਗੀ। ਸੁਪਰੀਮ ਕੋਰਟ ਵਲੋਂ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ਦੀ ਸੰਵਿਧਾਨਕ ਵੈਧਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਪਿਛਲੇ ਸਾਲ ਹਰਿਆਣਾ 'ਚ ਗੁਰਦੁਆਰਿਆਂ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਇਕ ਵੱਖ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਐੱਚ.ਐੱਸ.ਜੀ.ਐੱਮ.ਸੀ. ਨੂੰ ਨਾਮਜ਼ਦ ਕੀਤਾ ਸੀ, ਜਿਸ ਦਾ ਕਾਰਜਕਾਲ 18 ਮਹੀਨਿਆਂ 'ਚ ਖ਼ਤਮ ਹੋਣ ਵਾਲਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8