ਪੰਜਾਬ ''ਚ ਹਿਮਾਚਲ ਦੀ ਬੱਸ ''ਤੇ ਹਮਲਾ, HRTC ਨੇ ਹੁਸ਼ਿਆਰਪੁਰ ਦੇ 7 ਰੂਟ ਕੀਤੇ ਬੰਦ

Thursday, Mar 20, 2025 - 10:31 AM (IST)

ਪੰਜਾਬ ''ਚ ਹਿਮਾਚਲ ਦੀ ਬੱਸ ''ਤੇ ਹਮਲਾ, HRTC ਨੇ ਹੁਸ਼ਿਆਰਪੁਰ ਦੇ 7 ਰੂਟ ਕੀਤੇ ਬੰਦ

ਕਾਂਗੜਾ- ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਹਮੀਰਪੁਰ ਯੂਨਿਟ ਦੀ ਬੱਸ 'ਤੇ ਪੰਜਾਬ ਦੇ ਮੋਹਾਲੀ ਨੇੜੇ ਖਰੜ 'ਚ ਸ਼ਰਾਰਤੀ ਅਨਸਰਾਂ ਵਲੋਂ ਭੰਨ-ਤੋੜ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ HRTC ਨੇ ਹੁਸ਼ਿਆਰਪੁਰ ਦੇ 7 ਰੂਟ ਅਸਥਾਈ ਰੂਪ ਨਾਲ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਇਕ ਹਮੀਰਪੁਰ ਡਿਪੋ, 2 ਦੇਹਰਾ, 2 ਊਨਾ ਅਤੇ 2 ਧਰਮਸ਼ਾਲਾ ਡਿਪੋ ਦੇ ਰੂਟ ਸ਼ਾਮਲ ਹਨ। ਟਰਾਂਸਪੋਰਟ ਨਿਗਮ ਦੇ ਅਧਿਕਾਰੀਆਂ ਨੂੰ ਪਠਾਨਕੋਟ, ਹੁਸ਼ਿਆਰਪੁਰ, ਖਰੜ, ਚੰਡੀਗੜ੍ਹ ਅਤੇ ਕੀਰਤਪੁਰ ਭੇਜਿਆ ਗਿਆ ਹੈ। ਉਹ ਪੰਜਾਬ ਦੇ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਨਾਲ ਬੈਠਕ ਕਰ ਕੇ ਸਥਿਤੀ ਆਮ ਬਣਾਉਣ ਦੀ ਕੋਸ਼ਿਸ਼ ਕਰਨਗੇ। ਵਿਵੇਕ ਲਖਨਪਾਲ ਨੂੰ ਕੀਰਤਪੁਰ, ਪੰਕਜ ਚੱਢਾ ਨੂੰ ਪਠਾਨਕੋਟ, ਜੋਗਿੰਦਰ ਸਿੰਘ ਨੂੰ ਰੋਪੜ ਅਤੇ ਸੁਰਿੰਦਰ ਧੀਮਾਨ ਨੂੰ ਹੁਸ਼ਿਆਰਪੁਰ ਵਿਚ ਬੈਠਕ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਅਧਿਕਾਰੀ HRTC ਦੀਆਂ ਬੱਸਾਂ ਵਿਚ ਸਫ਼ਰ ਕਰ ਰਹੇ ਯਾਤਰੀਆਂ ਤੋਂ ਵੀ ਪੁੱਛ-ਗਿੱਛ ਕਰਨਗੇ। HRTC ਦੇ ਵਾਈਸ ਚੇਅਰਮੈਨ ਅਜੇ ਵਰਮਾ ਨੇ ਕਿਹਾ ਕਿ ਫਿਲਹਾਲ ਸਥਿਤੀ ਆਮ ਹੈ। ਲੋਕ ਬੇਖੌਫ ਹੋ ਕੇ HRTC ਦੀਆਂ ਬੱਸਾਂ ਵਿਚ ਯਾਤਰਾ ਕਰਨ। ਯਾਤਰੀਆਂ ਅਤੇ ਕਰਮੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸਰਕਾਰ ਦੋਵਾਂ ਦੀ ਹੈ। ਇਸ ਮਾਮਲੇ ਵਿਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ। HRTC ਪ੍ਰਬੰਧਨ ਨੇ ਬੱਸਾਂ ਵਿਚ ਹੋਈ ਭੰਨ-ਤੋੜ ਨੂੰ ਲੈ ਕੇ ਪੁਲਸ ਥਾਣਾ ਖਰੜ ਅਤੇ ਹੁਸ਼ਿਆਰਪੁਰ ਵਿਚ FIR ਦਰਜ ਕਰਵਾਈ ਹੈ। 

ਦੱਸਣਯੋਗ ਹੈ ਕਿ ਚੰਡੀਗੜ੍ਹ-ਹਮੀਰਪੁਰ ਮਾਰਗ 'ਤੇ ਚੱਲਣ ਵਾਲੀ ਬੱਸ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ ਪਰ ਖਰੜ ਨੇੜੇ ਬੱਸ 'ਤੇ ਡੰਡਿਆਂ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਟਨਾ ਵਾਲੀ ਥਾਂ ਤੋਂ ਦੌੜਨ ਤੋਂ ਪਹਿਲਾਂ ਵਿੰਡਸਕ੍ਰੀਨ ਅਤੇ ਕਈ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਯਾਤਰੀ ਅਤੇ ਬੱਸ ਡਰਾਈਵਰ ਪੂਰੀ ਤਰ੍ਹਾਂ ਸਹਿਮ ਗਏ। ਜਦੋਂ ਤੱਕ ਡਰਾਈਵਰ ਅਤੇ ਸਵਾਰੀਆਂ ਕੁਝ ਸਮਝ ਸਕਦੇ, ਹਮਲਾਵਰ ਉੱਥੋਂ ਫਰਾਰ ਹੋ ਗਏ। HRTC ਪ੍ਰਬੰਧਨ ਮੁਤਾਬਕ ਮਾਮਲੇ ਵਿਚ FIR ਦਰਜ ਕੀਤੀ ਗਈ ਹੈ।


author

Tanu

Content Editor

Related News