ਸੈਲਾਨੀਆਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸੰਜੇ ਕੁੰਡੂ
Monday, Jul 19, 2021 - 04:28 PM (IST)
ਸ਼ਿਮਲਾ– ਹਿਮਾਚਲ ਪ੍ਰਦੇਸ਼ ਪੁਲਸ ਸੂਬੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 5 ਪ੍ਰਮੁੱਖ ਖੇਤਰਾਂ ’ਚ ਕੰਮ ਕਰ ਰਹੀ ਹੈ। ਕੋਰੋਨਾ ਕਰਫਿਊ ਖਤਮ ਹੋਣ ਤੋਂ ਬਾਅਦ ਹਿਮਾਚਲ ’ਚ ਸੈਲਾਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ। ਹਿਮਾਚਲ ’ਚ ਰੋਜ਼ਾਨਾ 18 ਹਜ਼ਾਰ ਗੱਡੀਆਂ ਆ ਰਹੀਆਂ ਹਨ। ਇਕੱਲੇ ਰੋਹਤਾਂਗ ਟਨਲ ’ਚ ਰੋਜ਼ਾਨਾ 7 ਹਜ਼ਾਰ ਗੱਡੀਆਂ ਆ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਅਪਰਾਧਾਂ ਨਾਲ ਨਜਿੱਠਣ ਲਈ ਸਪੈਸ਼ਲ ਟ੍ਰੇਨ ਜਵਾਨਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਸ਼ਿਮਲਾ ’ਚ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਜਨਰਲ ਆਫ ਪੁਲਸ ਸੰਜੇ ਕੁੰਡੂ ਨੇ ਕਿਹਾ ਕਿ ਪ੍ਰਦੇਸ਼ ਪੁਲਸ ਜਨਾਨੀਆਂ ਅਤੇ ਬੱਚਿਆਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ, ਨਸ਼ਾ ਅਤੇ ਨਸ਼ੀਲੇ ਪਦਾਰਥ, ਸੰਗਠਿਤ ਅਪਰਾਧਾਂ, ਆਵਾਜਾਈ ਸੁਰੱਖਿਆ ਅਤੇ ਗੰਭੀਰ ਅਪਰਾਧਾਂ ਵਰਗੇ ਮਾਮਲਿਆਂ ਨੂੰ ਸਖਤੀ ਨਾਲ ਨਜਿੱਠੇਗੀ।
ਡੀ.ਜੀ.ਪੀ. ਸੰਜੇ ਕੁੰਡੂ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ’ਤੇ ਨਕੇਲ ਕੱਸਣ ਲਈ ਪੁਲਸ ਦੁਆਰਾ ਪਹਿਲੀ ਵਾਰ ਈ.ਡੀ. ਦੇ ਸਹਿਯੋਗ ਨਾਲ ਅਪਰਾਧੀਆਂ ਦੀ ਜਾਇਦਾਦ ਜ਼ਬਤ ਕੀਤੀ ਗਈ। ਇਸ ਸਖਤੀ ਦੇ ਨਤੀਜੇ ਸਾਹਮਣੇ ਆ ਰਹੇ ਹਨ, ਅਜਿਹੇ ਅਪਰਾਧੀ ਹੁਣ ਡਰ ਦੇ ਮਾਰੇ ਨਸ਼ੇ ਦੇ ਧੰਦੇ ਤੋਂ ਖੁਦ ਨੂੰ ਦੂਰ ਕਰ ਰਹੇ ਹਨ। ਸੂਬੇ ’ਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਲਸ ਦੁਆਰਾ ਸਾਰਥਕ ਕੰਮ ਕੀਤੇ ਜਾ ਰਹੇ ਹਨ। ਹੁਣ ਪੁਲਸ ਸਿਰਫ ਵਾਹਨਾਂ ਦੇ ਕਾਗਜ਼ਾਂ ਦੀ ਜਾਂਚ ਨਹੀਂ ਕਰਦੀ ਸਗੋਂ ਦੁਰਘਟਨਾਵਾਂ ਦੇ ਅਸਲੀ ਕਾਰਨਾਂ ਜਿਵੇਂ ਨਸ਼ੇ ’ਚ ਗੱਡੀ ਚਲਾਉਣਾ, ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ, ਤੇਜ਼ੀ ਰਫਤਾਰ ਨਾਲ ਗੱਡੀ ਚਲਾਉਣ ਵਾਲੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਹੁਣ ਸੜਕ ਹਾਦਸਿਆਂ ’ਚ ਵੀ ਕਾਫੀ ਕਮੀ ਵੇਖੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ’ਚ ਸੰਜੇ ਕੁੰਡੂ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਦੇ ਮਾਮਲੇ ਸੂਬੇ ’ਚ ਵਧਦੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਸੂਬਾ ਪੁਲਸ ਇਸ ਲਈ ਹੋਰ ਜ਼ਿਆਦਾ ਤਿਆਰੀਆਂ ਦੀ ਲੋੜ ਹੈ, ਜਿਸ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ।