ਭੁਪਿੰਦਰ ਸਿੰਘ ਹੁੱਡਾ ਤੇ ਵਿਧਾਨ ਸਭਾ ਸਪੀਕਰ ਗੁਪਤਾ ਨੇ ਭਰਿਆ ਨਾਮਜ਼ਦਗੀ ਪੱਤਰ

Wednesday, Sep 11, 2024 - 02:17 PM (IST)

ਭੁਪਿੰਦਰ ਸਿੰਘ ਹੁੱਡਾ ਤੇ ਵਿਧਾਨ ਸਭਾ ਸਪੀਕਰ ਗੁਪਤਾ ਨੇ ਭਰਿਆ ਨਾਮਜ਼ਦਗੀ ਪੱਤਰ

ਚੰਡੀਗੜ੍ਹ- ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਅਤੇ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ  ਉਨ੍ਹਾਂ ਉਮੀਦਵਾਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨਾਲ ਉਨ੍ਹਾਂ ਦੀ ਪਤਨੀ ਆਸ਼ਾ ਹੁੱਡਾ, ਪੁੱਤਰ ਦੀਪੇਂਦਰ ਹੁੱਡਾ ਅਤੇ ਨੂੰਹ ਸ਼ਵੇਤਾ ਹੁੱਡਾ ਵੀ ਮੌਜੂਦ ਸਨ। ਹੁੱਡਾ ਨੇ ਰੋਹਤਕ ਜ਼ਿਲ੍ਹੇ ਦੇ ਗਢੀ ਸਾਂਪਲਾ ਕਿਲੋਈ ਵਿਧਾਨ ਸਭਾ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਹਵਨ ਕੀਤਾ ਗਿਆ। 

ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲਾ ਵਿਧਾਨ ਸਭਾ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨਾਲ ਭਾਜਪਾ ਨੇਤਾ ਅਤੇ ਹਰਿਆਣਾ ਮਾਮਲਿਆਂ ਦੇ ਸਹਿ-ਮੁਖੀ ਬਿਪਲਬ ਕੁਮਾਰ ਦੇਬ ਮੌਜੂਦ ਸਨ। ਗੁਪਤਾ, ਪੰਚਕੂਲਾ ਤੋਂ ਫਿਰ ਤੋਂ ਚੋਣ ਲੜ ਰਹੇ ਹਨ। ਹੋਰ ਉਮੀਦਵਾਰਾਂ ਵਿਚ ਭਾਜਪਾ ਉਮੀਦਵਾਰ ਸ਼ਕਤੀ ਰਾਨੀ ਸ਼ਰਮਾ ਨੇ ਕਾਲਕਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਦੱਸ ਦੇਈਏ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 12 ਸਤੰਬਰ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 13 ਸਤੰਬਰ ਨੂੰ ਕੀਤੀ ਜਾਵੇਗੀ ਅਤੇ 16 ਸਤੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।


author

Tanu

Content Editor

Related News