ਹਾਂਗਕਾਂਗ-ਅਮਰੀਕਾ ’ਚ ਵਧੀ ਹੀਰਿਆਂ ਦੀ ਮੰਗ, ਸੂਰਤ ਦੀ ਡਾਇਮੰਡ ਇੰਡਸਟਰੀ ਬਿਖੇਰ ਰਹੀ ਚਮਕ

Friday, May 21, 2021 - 03:03 PM (IST)

ਨੈਸ਼ਨਲ ਡੈਸਕ : ਕੋਰੋਨਾ ਕਾਲ ਦੀਆਂ ਲਾਗੂ ਹੋਈਆਂ ਪਾਬੰਦੀਆਂ ਵੀ ਸੂਰਤ ਦੀ ਡਾਇਮੰਡ ਇੰਡਸਟਰੀ ਦੀ ਚਮਕ ਫਿੱਕੀ ਨਹੀਂ ਕਰ ਸਕੀਆਂ ਤੇ ਇਹ ਇੰਡਸਟਰੀ ਤੇਜ਼ੀ ਨਾਲ ਆਪਣੀ ਚਮਕ ਬਿਖੇਰ ਰਹੀ ਹੈ। ਹਾਂਗਕਾਂਗ, ਯੂ. ਏ. ਈ. ਤੇ ਅਮਰੀਕਾ ਦੀ ਇਕਾਨਮੀ ਖੁੱਲ੍ਹਣ ਨਾਲ ਇਨ੍ਹਾਂ ਦੇਸ਼ਾਂ ਤੋਂ ਪਾਲਿਸ਼ ਕੀਤੇ ਡਾਇਮੰਡ ਦੀ ਭਾਰੀ ਮੰਗ ਹੋ ਗਈ ਹੈ। ਹੀਰਾ ਉਦਯੋਗ ’ਚ ਉਤਪਾਦਨ ਦੀ ਆਗਿਆ ਹੋਣ ਨਾਲ ਰਫ ਹੀਰਿਆਂ ਨੂੰ ਪਾਲਿਸ਼ ਕਰਨ ਦਾ ਕੰਮ ਜ਼ੋਰਾਂ ’ਤੇ ਹੈ। ਨਵੰਬਰ 2020 ’ਚ ਸੂਰਤ ਤੋਂ ਪਾਲਿਸ਼ ਕੀਤੇ ਹੀਰਿਆਂ ਦੇ ਨਿਰਯਾਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਰਵਰੀ ਤੇ ਮਾਰਚ ਦੌਰਾਨ ਸਾਲਾਨਾ ਆਧਾਰ ’ਤੇ ਇਸ ’ਚ ਕ੍ਰਮਵਾਰ 60 ਫੀਸਦੀ ਤੇ 141 ਫੀਸਦੀ ਦਾ ਵਾਧਾ ਹੋਇਆ। 31 ਮਾਰਚ ਨੂੰ ਖਤਮ ਹੋਈ ਵਿੱਤੀ ਸਾਲ 2020-21 ’ਚ ਇਥੋਂ ਪਾਲਿਸ਼ ਕੀਤੇ ਹੀਰਿਆਂ ਦਾ ਨਿਰਯਾਤ 5.92 ਗੁਣਾ ਵਧਿਆ ਹੈ। ਵਿੱਤੀ ਸਾਲ 2019-20 ’ਚ ਇਥੋਂ 1638.35 ਕਰੋੜ ਰੁਪਏ ਦੇ ਹੀਰੇ ਨਿਰਯਾਤ ਹੋਏ, ਸਨ ਜੋ ਸਾਲ 2020-21 ’ਚ ਵਧ ਕੇ 9693.84 ਕਰੋੜ ਰੁਪਏ ਹੋ ਗਿਆ ਹੈ।

ਸੂਰਤ ਦੀ ਡਾਇਮੰਡ ਐਸੋਸੀਏਸ਼ਨ ਦੇ ਪ੍ਰਧਾਨ ਨਾਨੂਭਾਈ ਬੇਕਾਰੀਆ ਨੇ ਦੱਸਿਆ ਕਿ ਮੰਗ ਬਹੁਤ ਜ਼ਿਆਦਾ ਹੋਣ ਕਾਰਨ ਪਾਲਿਸ਼ਿੰਗ ਯੂਨਿਟਾਂ ’ਚ ਬਹੁਤ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। ਇਸ ਵਾਰ ਕੋਰੋਨਾ ਦੀ ਲਹਿਰ ’ਚ ਵੀ ਕਾਰਖਾਨੇ ਚਾਲੂ ਹਨ। ਹਾਲਾਂਕਿ 20-30 ਫੀਸਦੀ ਕਾਰੀਗਰਾਂ ਦੀ ਕਮੀ ਹੈ। ਮੰਗ ਪੂਰੀ ਕਰਨ ਲਈ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ। ਕੋਰੋਨਾ ਦੀ ਦੂਸਰੀ ਲਹਿਰ ’ਚ 30 ਫੀਸਦੀ ਕਾਰੀਗਰ ਘਰਾਂ ਨੂੰ ਵਾਪਸ ਪਰਤ ਗਏ ਹਨ। ਪਿਛਲੇ ਸਾਲ 70 ਫੀਸਦੀ ਕਾਰੀਗਰ ਵਾਪਸ ਚਲੇ ਗਏ ਸਨ। ਇਸ ਸਾਲ ਕੋਰੋਨਾ ਮਹਾਮਾਰੀ ਪਿੰਡਾਂ ’ਚ ਜ਼ਿਆਦਾ ਫੈਲ ਰਹੀ ਕਿਉਂਕਿ ਸੂਰਤ ’ਚ ਇਲਾਜ ਦੀਆਂ ਸਹੂਲਤਾਂ ਬਿਹਤਰ ਹਨ, ਇਸ ਗੱਲ ਨੂੰ ਧਿਆਨ ’ਚ ਰੱਖ ਕੇ ਵੀ ਕਈ ਕਾਰੀਗਰ ਘਰਾਂ ਨੂੰ ਨਹੀਂ ਪਰਤੇ।

ਹੀਰਿਆਂ ਦੇ ਕਾਰੋਬਾਰ ਨੂੰ ਇਸ ਕਾਰਨ ਵੀ ਮਿਲੀ ਹੱਲਾਸ਼ੇਰੀ
ਹੀਰਾ ਨਿਰਯਾਤ ਕਰਨ ਲਈ ਪਹਿਲਾਂ ਬੈਂਕ ਗਾਰੰਟੀ ਲਈ ਜਾਂਦੀ ਸੀ। ਇਸ ਕਾਰਨ ਉਦਯੋਗ ਦੇ ਕਰੋੜਾਂ ਰੁਪਏ ਫਸ ਜਾਂਦੇ ਸਨ। ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਮੰਗ ’ਤੇ ਇਸ ਸਾਲ ਇਕ ਫਰਵਰੀ ਤੋਂ ਇਹ ਬੈਂਕ ਗਾਰੰਟੀ ਹਟਾ ਦਿੱਤੀ ਗਈ ਹੈ। ਇਸ ਨਾਲ ਸੂਰਤ ਤੋਂ ਹੀਰਿਆਂ ਦੇ ਨਿਰਯਾਤ ਨੂੰ ਹੱਲਾਸ਼ੇਰੀ ਮਿਲੀ ਹੈ। ਜ਼ਿਕਰਯੋਗ ਹੈ ਕਿ ਸੂਰਤ ’ਚ 5000 ਤੋਂ ਵੀ ਜ਼ਿਆਦਾ ਹੀਰਿਆਂ ਨੂੰ ਪਾਲਿਸ਼ ਕਰਨ ਵਾਲੇ ਯੂਨਿਟ ਹਨ। ਦੁਨੀਆ ’ਚ ਵਿਕਣ ਵਾਲੇ 10 ਹੀਰਿਆਂ ’ਚੋਂ 9 ਦੀ ਪਾਲਿਸ਼ ਸੂਰਤ ’ਚ ਹੁੰਦੀ ਹੈ। 
 


Manoj

Content Editor

Related News