ਮੁੰਬਈ ਅਤੇ ਪੁਣੇ ’ਚ ਘਰਾਂ ਦੀ ਵਿਕਰੀ 17 ਫੀਸਦੀ ਘਟੀ
Friday, Oct 03, 2025 - 12:03 AM (IST)

ਨਵੀਂ ਦਿੱਲੀ (ਭਾਸ਼ਾ)-ਰੀਅਲ ਅਸਟੇਟ ਡਾਟਾ ਐਨਾਲਿਟਿਕਸ ਫਰਮ ਪ੍ਰਾਪਇਕਵਿਟੀ ਦੀ ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਜੁਲਾਈ ਤੋਂ ਸਤੰਬਰ 2025 ਦੌਰਾਨ ਮੁੰਬਈ ਮੈਟ੍ਰੋਪਾਲੀਟਨ ਖੇਤਰ (ਐੱਮ. ਐੱਮ. ਆਰ.) ਅਤੇ ਪੁਣੇ ’ਚ ਘਰਾਂ ਦੀ ਵਿਕਰੀ ਵਿਚ 17 ਫੀਸਦੀ ਦੀ ਗਿਰਾਵਟ ਆਈ ਹੈ।
ਪਿਛਲੇ ਸਾਲ ਦੀ ਇਸੇ ਮਿਅਾਦ ’ਚ ਵੇਚੇ ਗਏ 59,816 ਯੂਨਿਟਸ ਦੇ ਮੁਕਾਬਲੇ ’ਚ ਇਸ ਤਿਮਾਹੀ ਵਿਚ 49,542 ਯੂਨਿਟਸ ਦੀ ਵਿਕਰੀ ਹੋਈ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਰੈਜ਼ੀਡੈਂਸ਼ੀਅਲ ਪ੍ਰਾਪਟੀ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਅਤੇ ਇਸ ਦੇ ਨਤੀਜੇ ਵਜੋਂ ਘਟਦੀ ਮੰਗ ਨੂੰ ਦੱਸਿਆ ਗਿਆ ਹੈ।
ਐੱਮ. ਐੱਮ. ਆਰ. ਅਤੇ ਪੁਣੇ ਦੇ ਮੁੱਖ ਖੇਤਰਾਂ ’ਚ ਵਿਕਰੀ ਦਾ ਹਾਲ
ਐੱਮ. ਐੱਮ. ਆਰ. ਦੇ ਮੁੱਖ ਬਾਜ਼ਾਰਾਂ ਵਿਚ ਵਿਕਰੀ ’ਚ ਕਾਫ਼ੀ ਗਿਰਾਵਟ ਆਈ ਹੈ। ਪ੍ਰਾਇਮਰੀ ਹਾਊਸਿੰਗ ਮਾਰਕੀਟ ਠਾਣੇ ’ਚ ਸਭ ਤੋਂ ਜ਼ਿਆਦਾ 28 ਫੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜਿਥੇ ਵਿਕਰੀ 14,877 ਯੂਨਿਟਸ (ਪਿਛਲੇ ਸਾਲ 20,620 ਯੂਨਿਟਸ) ਰਹੀ।
ਮੁੰਬਈ ’ਚ ਵਿਕਰੀ ’ਚ 8 ਫੀਸਦੀ ਦੀ ਕਮੀ ਆਈ ਅਤੇ ਇਹ 9,691 ਯੂਨਿਟਸ (ਪਿਛਲੇ ਸਾਲ 10,480 ਯੂਨਿਟਸ) ’ਤੇ ਆ ਗਈ। ਨਵੀਂ ਮੁੰਬਈ ’ਚ 6 ਫੀਸਦੀ ਦੀ ਗਿਰਾਵਟ ਦੇਖੀ ਗਈ, ਵਿਕਰੀ 7,212 ਯੂਨਿਟਸ (ਪਿਛਲੇ ਸਾਲ 7,650 ਯੂਨਿਟਸ) ਰਹੀ। ਮਹਾਰਾਸ਼ਟਰ ਦੇ ਇਕ ਹੋਰ ਪ੍ਰਮੁੱਖ ਹਾਊਸਿੰਗ ਮਾਰਕੀਟ ਪੁਣੇ ’ਚ ਵੀ ਵਿਕਰੀ ’ਚ 16 ਫੀਸਦੀ ਦੀ ਗਿਰਾਵਟ ਦੇਖੀ ਗਈ। ਇਥੇ ਇਸੇ ਤਿਮਾਹੀ ’ਚ 17,762 ਯੂਨਿਟਸ ਦੀ ਵਿਕਰੀ ਹੋਈ, ਜਦਕਿ ਪਿਛਲੇ ਸਾਲ ਇਹ ਗਿਣਤੀ 21,066 ਯੂਨਿਟਸ ਸੀ।
ਚਿੰਤਾ ਦੀ ਗੱਲ ਨਹੀਂ : ਕ੍ਰੇਡਾਈ-ਐੱਮ.ਸੀ.ਐੱਚ.ਆਈ.
ਰੀਅਲ ਅਸਟੇਟ ਡਿਵੈੱਲਪਰਜ਼ ਦੀ ਸੰਸਥਾ ਕ੍ਰੇਡਾਈ-ਐੱਮ.ਸੀ.ਐੱਚ.ਆਈ. ਨੇ ਇਸ ਨੂੰ ਚਿੰਤਾ ਦਾ ਵਿਸ਼ਾ ਨਹੀਂ ਮੰਨਿਆ। ਡਿਵੈੱਲਪਰਜ਼ ਦਾ ਮੰਨਣਾ ਹੈ ਕਿ ਇਹ ਗਿਰਾਵਟ ਇਕ ਅਸਥਾਈ ਹੈ ਅਤੇ ਲੰਬੇ ਸਮੇਂ ਦੀ ਮਾਰਕੀਟ ਮੰਗ ਮਜ਼ਬੂਤ ਬਣੀ ਹੋਈ ਹੈ। ਕ੍ਰੇਡਾਈ-ਐੱਮ.ਸੀ.ਐੱਚ.ਆਈ. ਦੇ ਪ੍ਰਧਾਨ ਸੁਖਰਾਜ ਨਾਹਰ ਨੇ ਕਿਹਾ ਕਿ ਮੰਗ ਨੂੰ ਮੈਟ੍ਰੋ ਕਾਰੀਡੋਰ, ਕੋਸਟਲ ਰੋਡ ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਤੋਂ ਲੰਬੇ ਸਮੇਂ ਲਈ ਸਕਾਰਾਤਮਕ ਸਮਰਥਨ ਮਿਲੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ 22 ਸਤੰਬਰ ਤੋਂ ਸ਼ੁਰੂ ਹੋਏ ਤਿਉਹਾਰਾਂ ਦੇ ਸੀਜ਼ਨ ਨਾਲ ਮੰਗ ਮੁੜ ਸੁਰਜੀਤ ਹੋਵੇਗੀ, ਉਨ੍ਹਾਂ ਇਸ ਨੂੰ ‘ਬਾਜ਼ਾਰ ਲਈ ਇਕ ਸਿਹਤਮੰਦ ਸਮਾਯੋਜਨ’ ਦੱਸਿਆ।