ਕੇਂਦਰ ਨੇ ਪੱਛਮੀ ਬੰਗਾਲ ’ਚ ਲਾਕਡਾਊਨ ਦੀ ਪਾਲਣਾ ਨਾ ਕੀਤੇ ਜਾਣ ’ਤੇ ਪ੍ਰਗਟਾਇਆ ਇਤਰਾਜ਼
Saturday, Apr 11, 2020 - 08:27 PM (IST)
ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ’ਚ ਲਾਕਡਾਊਨ ਦੀ ਪਾਲਣਾ ਨਾ ਕੀਤੇ ਜਾਣ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਮੰਤਰਾਲਾ ਨੇ ਪੱਛਮੀ ਬੰਗਾਲ ’ਚ ਗੈਰ-ਜ਼ਰੂਰੀ ਸਾਮਾਨ ਨਾਲ ਜੁੜੀਆਂ ਦੁਕਾਨਾਂ ਦੇ ਖੁੱਲ੍ਹੇ ਰਹਿਣ ਅਤੇ ਧਾਰਮਿਕ ਇਕੱਠ ਦੀ ਇਜਾਜ਼ਤ ਦਿੱਤੇ ਜਾਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਦੀ ਥਾਂ ਨੇਤਾ ਰਾਸ਼ਨ ਵੰਡ ਰਹੇ ਹਨ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ. ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ।
ਚਿੱਠੀ ’ਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਸਬਜ਼ੀ, ਮੱਛੀ ਅਤੇ ਮਾਸ ਬਾਜ਼ਾਰਾਂ ’ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਹੈ ਅਤੇ ਇਨ੍ਹਾਂ ਥਾਵਾਂ ’ਤੇ ਸੋਸ਼ਲ ਡਿਸਟੈਂਸਿੰਗ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲਾ ਨੇ ਚਿੱਠੀ ’ਚ ਲਿਖਿਆ ਕਿ ਸੁਰੱਖਿਆ ਏਜੰਸੀਆਂ ਤੋਂ ਮਿਲ ਰਹੀ ਰਿਪੋਰਟ ਮੁਤਾਬਕ ਪੱਛਮੀ ਬੰਗਾਲ ’ਚ ਲਾਕਡਾਊਨ ਦਾ ਅਸਰ ਹੌਲੀ-ਹੌਲੀ ਘਟ ਰਿਹਾ ਹੈ। ਸੂਬਾ ਸਰਕਾਰ ਵਲੋਂ ਦਿੱਤੀ ਛੋਟ ਦਾ ਘੇਰਾ ਵੱਧਦਾ ਹੀ ਜਾ ਰਿਹਾ ਹੈ।