ਦਿੱਲੀ 'ਚ ਹੋਈ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ
Wednesday, Jan 27, 2021 - 07:53 PM (IST)
ਨਵੀਂ ਦਿੱਲੀ - ਪਿਛਲੇ ਦੋ ਮਹੀਨਿਆਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਨੇ ਮੰਗਲਵਾਰ ਨੂੰ ਟਰੈਕਟਰ ਰੈਲੀ ਕੱਢੀ। ਉਂਝ ਤਾਂ ਇਹ ਟਰੈਕਟਰ ਰੈਲੀ ਦਿੱਲੀ ਬਾਰਡਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹੋਣੀ ਸੀ ਪਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ 'ਤੇ ਪਹੁੰਚ ਗਏ। ਇਸ ਦੌਰਾਨ ਉੱਥੇ ਜ਼ੋਰਦਾਰ ਹਿੰਸਾ ਹੋਈ। ਨਾਲ ਹੀ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਨੂੰ ਲਹਿਰਾ ਦਿੱਤਾ। ਹਿੰਸਾ ਤੋਂ ਬਾਅਦ ਹੁਣ ਮੋਦੀ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਂਗਰਸ ਦੇ ਨਿਸ਼ਾਨੇ 'ਤੇ ਆ ਗਏ ਹਨ।
ਕਾਂਗਰਸ ਦੇ ਰਾਸ਼ਟਰੀ ਬੁਲਾਰਾ ਰਣਦੀਪ ਸਿੰਘ ਸੁਰਜੇਵਾਲਾ ਨੇ ਦਿੱਲੀ ਵਿੱਚ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਹੋਈ ਹਿੰਸਾ ਲਈ ਸਿੱਧੇ-ਸਿੱਧੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ ਹਨ। ਉਨ੍ਹਾਂ ਨੂੰ ਇੱਕ ਪਲ ਵੀ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਅਧਿਕਾਰ ਨਹੀਂ, ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਇਹ ਮੰਗ ਆਲ ਇੰਡੀਆ ਨੈਸ਼ਨਲ ਕਾਂਗਰਸ ਪੀ.ਐੱਮ. ਮੋਦੀ ਤੋਂ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿੰਸਾ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਦੇ ਇਸ਼ਾਰੇ 'ਤੇ ਦਿੱਲੀ ਪੁਲਸ ਬਦਮਾਸ਼ਾਂ 'ਤੇ ਮੁਕੱਦਮਾ ਦਰਜ ਕਰਨ ਦੀ ਬਜਾਏ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ 'ਤੇ ਮੁਕੱਦਮਾ ਦਰਜ ਕਰ ਰਹੀ ਹੈ। ਜਿਸਦੇ ਨਾਲ ਸਾਬਤ ਹੁੰਦਾ ਹੈ ਕਿ ਇਹ ਬੀਜੇਪੀ ਸਰਕਾਰ ਦੀ ਸਾਜ਼ਿਸ਼ ਹੈ।