ਅਮਿਤ ਸ਼ਾਹ ਪੁੱਜੇ ਸ਼੍ਰੀਨਗਰ, ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਦੀ ਕਰਨਗੇ ਸਮੀਖਿਆ

06/26/2019 5:23:19 PM

ਸ਼੍ਰੀਨਗਰ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਪਹੁੰਚ ਗਏ ਹਨ। ਸ਼ਾਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਿਛਲੇ ਮਹੀਨੇ ਹੀ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਸ਼ਾਹ ਦਾ ਸੂਬੇ 'ਚ ਪਹਿਲਾ ਦੌਰਾ ਹੈ। ਅਧਿਕਾਰੀਆਂ ਮੁਤਾਬਕ ਅਮਿਤ ਸ਼ਾਹ ਸੁਰੱਖਿਆ ਵਿਵਸਥਾ ਅਤੇ ਖਾਸ ਕਰੇ ਅਮਰਨਾਥ ਯਾਤਰਾ ਲਈ ਸੁਰੱਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਸ਼ਾਹ ਇਸ ਦੇ ਨਾਲ ਹੀ ਵਿਕਾਸ ਕੰਮਾਂ ਦੀ ਵੀ ਸਮੀਖਿਆ ਕਰਨਗੇ।  ਉਹ ਸੂਬੇ ਵਿਚ ਅੱਤਵਾਦੀ ਹਮਲਿਆਂ ਵਿਚ ਮਾਰੇ ਗਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਮਰਨਾਥ ਦੀ ਪਵਿੱਤਰ ਗੁਫਾ ਵੀ ਜਾਣਗੇ। ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਤਕ ਚਲੇਗੀ। ਸੂਤਰਾਂ ਮੁਤਾਬਕ ਅਮਿਤ ਸ਼ਾਹ ਇਸ ਦੌਰਾਨ ਰਾਜਪਾਲ ਸੱਤਿਆਪਾਲ ਮਲਿਕ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨਾਲ ਸੂਬੇ ਦੀ ਮੌਜੂਦਾ ਸੁਰੱਖਿਆ ਸੰਬੰਧੀ ਸਥਿਤੀ 'ਤੇ ਚਰਚਾ ਕਰਨਗੇ। ਸ਼ਾਹ ਸ਼੍ਰੀਨਗਰ ਵਿਚ ਇਕ ਉੱਚ ਪੱਧਰੀ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਵੀ ਕਰਨਗੇ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਅਮਿਤ ਸ਼ਾਹ 30 ਜੂਨ ਨੂੰ ਇਕ ਦਿਨ ਲਈ ਕਸ਼ਮੀਰ ਘਾਟੀ ਜਾਣ ਵਾਲੇ ਸਨ। ਕੇਂਦਰੀ ਬਜਟ ਦੇ ਸੰਬੰਧ ਵਿਚ ਗ੍ਰਹਿ ਮੰਤਰੀ ਦੇ ਰੁਝੇਵੇਂ ਕਾਰਨ ਇਹ ਦੌਰਾ ਪਹਿਲਾ ਕਰ ਦਿੱਤਾ ਗਿਆ। 

ਦੱਸਣਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅੱਤਵਾਦੀ 7 ਤਰੀਕਿਆਂ ਨਾਲ ਅਮਰਨਾਥ ਯਾਤਰਾ ਦੌਰਾਨ ਹਮਲਾ ਕਰ ਸਕਦੇ ਹਨ। ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦਿਆਂ ਗ੍ਰਹਿ ਮੰਤਰਾਲੇ ਨੇ ਵੀ ਖਾਸ ਤਿਆਰੀ ਕੀਤੀ ਹੈ। ਯਾਤਰਾ ਰੂਟ 'ਤੇ ਆਈ. ਈ. ਡੀ. ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਗਿਣਤੀ ਦੋਗੁਣੀ ਕਰ ਦਿੱਤੀ ਗਈ ਹੈ। ਨਾਲ ਹੀ 40 ਅਜਿਹੇ ਨਵੇਂ ਮਾਹਰਾਂ ਨੂੰ ਲਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਆਈ. ਈ. ਡੀ. ਨਾਲ ਨਜਿੱਠਣ ਲਈ ਖਾਸ ਸਿਖਲਾਈ ਲਈ ਹੈ। ਯਾਤਰਾ ਰੂਟ 'ਤੇ ਸੀ. ਸੀ. ਟੀ. ਵੀ. ਕੈਮਰੇ ਅਤੇ ਡਰੋਨ ਦੀ ਗਿਣਤੀ ਵੀ ਦੋਗੁਣੀ ਕੀਤੀ ਜਾਵੇਗੀ। ਅਮਰਨਾਥ ਯਾਤਰਾ ਦੌਰਾਨ ਪਹਿਲਗਾਮ ਅਤੇ ਬਾਲਾਟਾਲ ਕੈਂਪ ਦੀ ਸੁਰੱਖਿਆ ਲਈ ਸਪੈੱਸ਼ਲ ਕਮਾਂਡੋ ਤਾਇਨਾਤ ਕੀਤੇ ਜਾਣਗੇ।


Tanu

Content Editor

Related News