ਹੋਲੀ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆ, ਭਿਆਨਕ ਸੜਕ ਹਾਦਸੇ ''ਚ 7 ਲੋਕਾਂ ਦੀ ਮੌਤ
Friday, Mar 14, 2025 - 10:49 PM (IST)

ਨੈਸ਼ਨਲ ਡੈਸਕ- ਦੇਸ਼ ਭਰ 'ਚ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਮਨਾਇਆ ਗਿਆ। ਉਥੇ ਹੀ ਪੱਛਮੀ ਬੰਗਾਲ 'ਚ ਹੋਲੀ ਦੀਆਂ ਖੁਸ਼ੀਆਂ ਸੋਗ 'ਚ ਬਦਲ ਗਈਆਂ। ਨਦੀਆ ਜ਼ਿਲ੍ਹੇ ਦੇ ਛੱਪਰਾ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਕ ਤੇਜ਼ ਰਫਤਾਰ ਕਾਰ ਨੇ ਇਕ ਤੋਂ ਬਾਅਦ ਇਕ ਤਿੰਨ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਔਰਤਾਂ ਅਤੇ ਇਕ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੂਰਾ ਸੂਬਾ ਹੋਲੀ ਦੇ ਤਿਉਹਾਰ ਜਾਂ 'ਡੋਲ ਯਾਤਰਾ' ਦੇ ਜਸ਼ਨ 'ਚ ਡੁੱਬਿਆ ਹੋਇਾ ਸੀ।
ਹੋਲੀ ਵਾਲੇ ਦਿਨ ਸ਼ੁੱਕਰਵਾਰ ਨੂੰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਈ-ਰਿਕਸ਼ਾ ਦੀ ਟੱਕਰ ਤੇਜ਼ ਰਫਤਾਰ ਨਾਲ ਆ ਰਹੇ ਚਾਰ ਪਹੀਆ ਵਾਹਨ ਨਾਲ ਹੋ ਗਈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਟੋ 'ਚ ਸਵਾਰ ਯਾਤਰੀ ਨਕਾਸ਼ੀਪਾਰਾ ਦੇ ਰਹਿਣ ਵਾਲੇ ਸਨ ਅਤੇ ਉਹ ਸ਼ੁੱਕਰਵਾਰ ਸਵੇਰੇ ਈਦ ਦੇ ਤਿਉਹਾਰ ਲਈ ਬਾਜ਼ਾਰ ਤੋਂ ਕੁਝ ਸਾਮਾਨ ਖਰੀਦਣ ਛਪਰਾ ਆਏ ਸਨ।
ਪੁਲਸ ਅਧਿਕਾਰੀ ਮੁਤਾਬਕ, ਜਦੋਂ ਉਹ ਉਸੇ ਆਟੋ ਰਾਹੀਂ ਨਕਾਸ਼ੀਪਾਰਾ ਪਰਤ ਰਹੇ ਸਨ, ਉਸੇ ਸਮੇਂ ਚਾਰ ਪਹੀਆ ਵਾਹਨ ਨਾਲ ਉਨ੍ਹਾਂ ਦਾ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਕ੍ਰਿਸ਼ਨਾ ਨਗਰ-ਕਰੀਮਪੁਰ ਰਾਜ ਹਾਈਵੇ 'ਤੇ ਸਥਿਤ ਪੈਟਰੋਲ ਪੰਪ ਨੇੜੇ ਵਾਪਰਿਆ। ਚਾਰ ਪਹੀਆ ਵਾਹਨ ਦੀ ਰਫਤਾਰ ਕਾਫੀ ਤੇਜ਼ ਸੀ।