HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ

Friday, Jan 10, 2025 - 10:44 AM (IST)

HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ

ਨੈਸ਼ਨਲ ਡੈਸਕ- ਦੇਸ਼ 'ਚ ਜਿੱਥੇ ਲੋਕ ਕੋਰੋਨਾ ਵਰਗੇ ਚੀਨੀ ਵਾਇਰਸ ਹਿਊਮਨ ਮੈਟਨਿਊਮੋ ਵਾਇਰਸ (HMPV) ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ, ਉੱਥੇ ਹੀ ਇਕ ਹੋਰ ਅਜੀਬ ਬੀਮਾਰੀ ਫੈਲ ਰਹੀ ਹੈ। ਜਿਸ ਨਾਲ ਅਚਾਨਕ ਹੀ ਲੋਕ ਗੰਜੇ ਹੋ ਰਹੇ ਹਨ। ਇਹ ਬੀਮਾਰੀ ਮਹਾਰਾਸ਼ਟਰ ਦੇ ਬੁਲਢਾਨਾ ਸ਼ਹਿਰ 'ਚ ਫੈਲ ਰਹੀ ਹੈ। ਇੱਥੋਂ ਦੇ 3 ਪਿੰਡਾਂ 'ਚ ਪਿਛਲੇ 3 ਦਿਨਾਂ ਅੰਦਰ ਅਚਾਨਕ 60 ਲੋਕ ਗੰਜੇ ਹੋਏ ਹਨ। ਸ਼ਹਿਰ ਦੇ ਸ਼ੇਗਾਵ ਤਹਿਸੀਲ ਦੇ ਬੋਂਡਗਾਂਵ, ਕਾਲਵੜ ਅਤੇ ਹਿੰਗਨਾ ਪਿੰਡਾਂ 'ਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਾਰੇ ਲੋਕਾਂ ਦੇ ਵਾਲ ਝੜਨ ਲੱਗੇ ਹਨ। ਇਸ ਨਾਲ ਸਾਰੇ ਗੰਜੇ ਹੁੰਦੇ ਜਾ ਰਹੇ ਹਨ, ਇੱਥੇ ਤੱਕ ਕਿ ਔਰਤਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਪਿੰਡਾਂ 'ਚ ਫੈਲ ਰਹੀ ਇਹ ਬੀਮਾਰੀ ਕਿਹੜੀ ਹੈ, ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਬੀਮਾਰੀ ਜੈਨੇਟਿਕ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਪਿੰਡਾਂ 'ਚ ਜਾ ਕੇ ਸਰਵੇ ਪੂਰਾ ਕਰ ਲਿਆ ਹੈ। ਨਾਲ ਹੀ ਪਾਣੀ ਦਾ ਸੈਂਪਲ ਵੀ ਲੈ ਲਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਇਸ ਬੀਮਾਰੀ ਦੇ ਪਹਿਲੇ ਦਿਨ ਵਿਅਕਤੀ ਦੇ ਸਿਰ 'ਚ ਖਾਰਸ਼ ਸ਼ੁਰੂ ਹੁੰਦੀ ਹੈ, ਦੂਜੇ ਦਿਨ ਵਾਲ ਹੱਥ 'ਚ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਤੀਜੇ ਦਿਨ ਮਰੀਜ਼ ਗੰਜਾ ਹੋ ਜਾਂਦਾ ਹੈ। ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਔਰਤਾਂ ਪੀੜਤ ਹਨ। ਜ਼ਿਆਦਾਤਰ ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲ 'ਚ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅਚਾਨਕ ਫੈਲੀ ਇਸ ਬੀਮਾਰੀ ਨਾਲ ਸਿਹਤ ਵਿਭਾਗ ਵੀ ਹੈਰਾਨ ਹੈ। ਤਹਿਸੀਲ ਦੀ ਸਿਹਤ ਅਧਿਕਾਰੀ ਡਾ. ਦੀਪਾਲੀ ਮਾਲਵਦਕਰ ਨੇ ਇਸ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਹੋਰ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। ਉੱਥੇ ਹੀ ਪਿੰਡ ਵਾਲਿਆਂ ਨੇ ਇਸ ਬੀਮਾਰੀ ਦਾ ਜਲਦ ਤੋਂ ਜਲਦ ਇਲਾਜ ਲੱਭਣ ਦੀ ਮੰਗ ਕੀਤੀ ਹੈ। ਡਾ. ਦੀਪਾਲੀ ਮਾਲਵਦਕਰ ਦਾ ਕਹਿਣਾ ਹੈ ਕਿ ਸ਼ੈਂਪੂ ਦੇ ਇਸਤੇਮਾਲ ਨਾਲ ਅਜਿਹਾ ਹੋਵੇਗਾ। ਹਾਲਾਂਕਿ ਕਈ ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਕੈਮੀਕਲ ਨਾਲ ਭਰਿਆ ਸ਼ੈਂਪੂ ਤਾਂ ਕੀ ਸਾਬਣ ਵੀ ਆਪਣੇ ਵਾਲਾਂ 'ਚ ਨਹੀਂ ਲਗਾਇਆ ਹੈ। ਫਿਰ ਵੀ ਉਨ੍ਹਾਂ ਦੇ ਵਾਲ ਝੜਦੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News