ਸਨਸਨੀਖੇਜ਼ ਵਾਰਦਾਤ: ਰੈਸਟੋਰੈਂਟ 'ਚ ਡੀਲਰ ਨੂੰ ਮਾਰੀਆਂ ਗੋਲ਼ੀਆਂ, ਫਿਰ ਦਾਤਰਾਂ ਨਾਲ ਕੀਤੇ ਵਾਰ
Sunday, Mar 17, 2024 - 07:24 PM (IST)
ਪੁਣੇ- ਮਹਾਰਾਸ਼ਟਰ ਦੇ ਪੁਣੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇਥੇ ਸ਼ਨੀਵਾਰ ਸ਼ਾਮ ਨੂੰ ਪੁਣੇ-ਸੋਲਾਪੁਰ ਹਾਈਵੇ 'ਤੇ ਇੰਦਾਪੁਰ ਨੇੜੇ ਜਗਦੰਬਾ ਰੈਸਟੋਰੈਂਟ 'ਚ ਇਕ ਹਿਸਟਰੀਸ਼ੀਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਵਿਨਾਸ਼ ਬਾਲੂ ਧਨਵੇ ਦੇ ਰੂਪ 'ਚ ਹੋਈ ਹੈ। ਉਹ ਆਪਣੇ ਤਿੰਨ ਦੋਸਤਾਂ ਨਾਲ ਰੈਸਟੋਰੈਂਟ 'ਚ ਬੈਠਾ ਸੀ, ਉਸੇ ਸਮੇਂ ਪਿੱਛੋਂ ਆਏ ਇਕ ਹਮਲਾਵਰ ਨੇ ਉਸਦੇ ਸਿਰ 'ਚ ਗੋਲੀ ਮਾਰ ਦਿੱਤੀ। ਇਸਤੋਂ ਬਾਅਦ ਹੋਰ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ। ਪੁਲਸ ਨੇ ਇਸ ਕਤਲਕਾਂਡ 'ਚ ਸ਼ਾਮਲ 8 ਹਮਲਾਵਰਾਂ ਦੀ ਪਛਾਣ ਕੀਤੀ ਹੈ।
ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਵਿਨਾਸ਼ ਧਨਵੇ
ਜਾਣਕਾਰੀ ਮੁਤਾਬਕ, 34 ਸਾਲਾ ਅਵਿਨਾਸ਼ ਬਾਲੂ ਧਨਵੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਉਹ ਘਟਨਾ ਪੁਣੇ ਸ਼ਹਿਰ ਤੋਂ ਲਗਭਗ 140 ਕਿਲੋਮੀਟਰ ਦੂਰ ਪੁਣੇ-ਸੋਲਾਪੁਰ ਹਾਈਵੇ 'ਤੇ ਜਗਦੰਬਾ ਰੈਸਟੋਰੈਂਟ 'ਚ ਵਾਪਰੀ। ਇੰਦਾਪੁਰ ਦੇ ਰੈਸਟੋਰੈਂਟ 'ਚ ਸੀ.ਸੀ.ਟੀ.ਵੀ. ਫੁਟੇਜ਼ 'ਚ ਧਨਵੇ ਅਤੇ ਉਸਦੇ ਤਿੰਨ ਦੋਸਤ ਇਕ ਟੇਬਲ 'ਤੇ ਬੈਠੇ ਦਿਖਾਈ ਦੇ ਰਹੇ ਹਨ। ਦੋ ਬੱਚਿਆਂ ਸਮੇਤ ਚਾਰ ਲੋਕਾਂ ਦਾ ਇਕ ਪਰਿਵਾਰ ਦੂਜੇ ਟੇਬਲ 'ਤੇ ਖਾਣਾ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਉਦੋਂ ਹੀ ਦੋ ਵਿਅਕਤੀ ਰੈਸਟੋਰੈਂਟ ਵਿੱਚ ਦਾਖ਼ਲ ਹੁੰਦੇ ਹਨ, ਉਨ੍ਹਾਂ ਵਿੱਚੋਂ ਇੱਕ ਪਲਾਸਟਿਕ ਦਾ ਬੈਗ ਫੜ ਕੇ ਆਉਂਦਾ ਹੈ। ਉਹ ਪਿਸਤੌਲ ਕੱਢ ਲੈਂਦਾ ਹੈ ਅਤੇ ਧਨਵੇ ਦੇ ਸਿਰ ਵਿੱਚ ਗੋਲੀ ਮਾਰਦਾ ਹੈ। ਉਸ ਸਮੇਂ ਧਨਵੇ ਫੋਨ 'ਤੇ ਗੱਲ ਕਰ ਰਹੇ ਹਨ। ਹਮਲਾਵਰ ਧਨਵੇ ਨੂੰ ਨਿਸ਼ਾਨਾ ਬਣਾਉਣ ਆਏ ਸਨ, ਉਨ੍ਹਾਂ ਨੇ ਕਿਸੇ ਹੋਰ 'ਤੇ ਹਮਲਾ ਨਹੀਂ ਕੀਤਾ। ਹਮਲੇ ਤੋਂ ਬਾਅਦ ਧਨਵੇ ਦੇ ਨਾਲ ਆਏ ਤਿੰਨ ਵਿਅਕਤੀ ਮੌਕੇ ਤੋਂ ਭੱਜ ਗਏ।
ਇਸ ਤੋਂ ਤੁਰੰਤ ਬਾਅਦ, ਛੇ ਹੋਰ ਸ਼ਖ਼ਸ ਦੌੜਦੇ ਹੋਏ ਰੈਸਟੋਰੈਂਟ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਧਨਵੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਧਨਵੇ ਫਰਸ਼ 'ਤੇ ਡਿੱਗ ਪੈਂਦਾ ਹੈ ਅਤੇ ਨਾਲ ਹੀ ਤਿੰਨ ਹੋਰ ਲੋਕ ਨੇ ਧਨਵੇ 'ਤੇ ਹਮਲਾ ਦਿੰਦੇ ਹਨ।
ਕਤਲਕਾਂਡ ਦੀ ਜਾਂਚ ਲਈ ਬਣਾਈਆਂ 5 ਟੀਮਾਂ
ਪੁਲਸ ਨੇ ਕਤਲਕਾਂਡ ਦੀ ਜਾਂਚ ਲਈ 5 ਟੀਮਾਂ ਬਣਾਈਆਂ ਹਨ। ਪੁਣੇ ਦਿਹਾਤੀ ਪੁਲਸ ਦੇ ਐੱਸ.ਪੀ. ਪੰਕਜ ਦੇਸ਼ਮੁਖ ਨੇ ਦੱਸਿਆ ਕਿ ਇੰਦਾਪੁਰ 'ਚ ਸ਼ਨੀਵਾਰ ਰਾਤ ਨੂੰ ਅਵਿਨਾਸ਼ ਧਨਵੇ ਨਾਂ ਦੇ ਹਿਸਟਰੀਸ਼ੀਟਰ ਦਾ ਗੋਲੀ ਮਾਰ ਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਪਹਿਲੀ ਨਜ਼ਰੇ ਇਹ ਦੋ ਵਿਰੋਧੀ ਧੜਿਆਂ ਵਿਚਕਾਰ ਪੁਰਾਣੀ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ। ਅਸੀਂ ਸੀ.ਸੀ.ਟੀ.ਵੀ. ਵਿੱਚ ਦੇਖੇ ਗਏ 8 ਲੋਕਾਂ ਦੀ ਪਛਾਣ ਕੀਤੀ ਹੈ। ਮੁਲਜ਼ਮਾਂ ਨੂੰ ਫੜਨ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।