ਰਵਿੰਦਰ ਦੀ ਮਿਹਨਤ ਨੂੰ ਪਿਆ ਬੂਰ, ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵੱਲੋਂ ਮਾਸਟਰ ਡਿਗਰੀ ਲਈ ਚੋਣ
Saturday, Apr 03, 2021 - 05:28 PM (IST)
ਹਿਸਾਰ- ਹਿਸਾਰ ਦੇ ਰਵਿੰਦਰ ਬੇਨੀਵਾਲ ਦੀ ਚੋਣ 2 ਸਾਲਾ ਪੋਸਟ ਗਰੈਜੂਏਸ਼ਨ ਪ੍ਰੋਗਰਾਮ 'ਚ ਅਮਰੀਕਾ ਦੇ ਕੋਲੰਬੀਆ ਦੀ ਯੂਨੀਵਰਿਸਟੀ ਆਫ਼ ਮਿਜੂਰੀ 'ਚ ਡਿਗਰੀ ਲਈ ਹੋਈ ਹੈ। ਚੌਧਰੀ ਚਰਨ ਸਿੰਘ ਹਰਿਣਾ ਖੇਤੀਬਾੜੀ ਯੂਨੀਵਰਿਸਟੀ ਦੇ ਕੁਲਪਤੀ ਪ੍ਰੋਫੈਸਰ ਸਮਰ ਸਿੰਘ ਨੇ ਵਿਦਿਆਰਥੀਆਂ ਦੀ ਚੋਣ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ ਅਤੇ ਉਹ ਵੀ ਵਿਸ਼ਵ ਦੀਆਂ ਪ੍ਰਮੁੱਖ ਤਰਜੀਹ ਪ੍ਰਾਪਤ ਯੂਨੀਵਰਸਿਟੀਆਂ 'ਚ ਸਿੱਖਿਆ ਗ੍ਰਹਿਣ ਕਰਨ ਲਈ ਕੋਸ਼ਿਸ਼ ਕਰਨਗੇ। ਯੂਨੀਵਰਸਿਟੀ ਦੇ ਕੁਲ ਸਕੱਤਰ ਡਾ. ਬੀ.ਆਰ. ਕੰਬੋਜ ਅਤੇ ਪੋਸਟ ਗਰੈਜੂਏਟ ਮਾਸਟਰ ਡਾ. ਰਾਜਵੀਰ ਸਿੰਘ ਨੇ ਵਿਦਿਆਰਥੀ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਆਪਣੀ ਪੜ੍ਹਾਈ ਪੂਰੀ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਅੰਤਰਰਾਸ਼ਟਰੀ ਮਾਮਲਿਆਂ ਦੇ ਕਨਵੀਨਰ ਡਾ. ਦਲਵਿੰਦਰ ਸਿੰਘ ਨੇ ਦੱਸਿਆ ਕਿ ਫਤਿਹਾਬਾਦ ਜ਼ਿਲ੍ਹੇ ਦੇ ਰਤਾਖੇੜਾ ਪਿੰਡ ਦੇ ਰਵਿੰਦਰ ਬੇਨੀਵਾਲ ਪੁੱਤਰ ਕ੍ਰਿਪਾਲ ਸਿੰਘ ਬੇਨੀਵਾਲ ਦੀ ਚੋਣ ਪੋਸਟ ਗਰੈਜੂਏਟ ਡਿਗਰੀ ਪ੍ਰੋਗਰਾਮ 'ਚ ਹੋਈ ਹੈ, ਜਿਸ ਦੇ ਅਧੀਨ ਉਹ ਪੋਸਟ ਗਰੈਜੂਏਟ ਦੇ ਮੁੱਖ ਵਿਸ਼ੇ ਭੋਜਨ ਵਿਗਿਆਨ 'ਚ ਸਲਾਹਕਾਰ ਡਾ. ਪਾਵੇਲ ਸੋਮਵਤ ਦੇ ਮਾਰਗਦਰਸ਼ਨ 'ਚ ਆਪਣੀ ਡਿਗਰੀ ਪੂਰੀ ਕਰਨਗੇ। ਉਨ੍ਹਾਂ ਦੀ ਚੋਣ ਉਨ੍ਹਾਂ ਵਲੋਂ ਬੀ.ਐੱਸ.ਸੀ. ਜੀ.ਆਰ.ਈ. ਅਤੇ ਆਈ.ਈ.ਐੱਲ.ਟੀ.ਐੱਸ. 'ਚ ਪ੍ਰਾਪਤ ਸਕੋਰ ਅਤੇ ਬੈਂਡ ਰਾਹੀਂ ਹੋਈ ਹੈ। ਰਵਿੰਦਰ ਨੇ ਆਈ.ਈ.ਐੱਲ.ਟੀ.ਐੱਸ 'ਚ 9 'ਚੋਂ 7 ਬੈਂਡ ਅਤੇ ਜੀ.ਆਰ.ਈ. 'ਚ 340 'ਚੋਂ 299 ਅੰਕ ਹਾਸਲ ਕੀਤੇ ਹਨ। ਇਨ੍ਹਾਂ ਦੀ ਚੋਣ ਗਰੈਜੂਏਸ਼ਨ ਅਤੇ ਜੀ.ਆਰ.ਈ. ਸਕੋਰ ਦੇ ਆਧਾਰ 'ਤੇ ਹੋਈ ਹੈ। ਇਨ੍ਹਾਂ ਨੂੰ ਯੂਨੀਵਰਸਿਟੀ ਆਫ਼ ਮਿਜੂਰੀ ਵਲੋਂ ਪੂਰੀ ਡਿਗਰੀ ਦੌਰਾਨ ਟਿਊਸ਼ਨ ਫੀਸ ਅਤੇ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਜਾਵੇਗੀ। ਵਿਦਿਆਰਥੀ ਦੀ ਡਿਗਰੀ ਅਗਸਤ 2021 ਤੋਂ ਸ਼ੁਰੂ ਹੋਵੇਗੀ ਅਤੇ ਅਗਸਤ 2023 ਤੱਕ ਪੂਰੀ ਹੋਵੇਗੀ। ਰਵਿੰਦਰ ਆਪਣੇ ਦਾਦਾ ਰਾਮਸਵਰੂਪ ਬੇਨੀਵਾਲ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਦੇ ਦਾਦਾ ਬਿਸ਼ਨੋਈ ਸਭਾ ਰਤੀਆ ਦੇ ਪ੍ਰਧਾਨ ਵੀ ਹਨ। ਰਵਿੰਦਰ ਦੇ ਦਾਦਾ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ