ਹਿੰਦੀ ਦਿਵਸ ’ਤੇ SC ਦੀ ਅਹਿਮ ਪਹਿਲ, ‘ਜਨ ਸੂਚਨਾ ਸੇਵਾ’ ਰਾਹੀਂ ਹਿੰਦੀ ’ਚ ਮਿਲਣਗੇ ਕੋਰਟ ਦੇ ਫ਼ੈਸਲੇ
Tuesday, Sep 15, 2026 - 09:56 AM (IST)
ਨਵੀਂ ਦਿੱਲੀ (ਏਜੰਸੀ)- ਹਿੰਦੀ ਦਿਵਸ ਦੇ ਮੌਕੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਨਿਆਂ ਤੱਕ ਪਹੁੰਚ ਨੂੰ ਹੋਰ ਵਧੇਰੇ ਸਮਾਵੇਸ਼ੀ ਬਣਾਉਣ ਦੇ ਮਕਸਦ ਨਾਲ ਹਿੰਦੀ ਵਿਚ ਨਵੀਂ ‘ਜਨ ਸੂਚਨਾ ਸੇਵਾ’ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਜਨਤਕ ਸੂਚਨਾ ਸੇਵਾ ਤਹਿਤ ਮਹੱਤਵਪੂਰਨ ਮੰਨੇ ਗਏ ਚੋਣਵੇਂ ਫ਼ੈਸਲਿਆਂ ਅਤੇ ਹੁਕਮਾਂ ਦੇ ਸਰਲ ਹਿੰਦੀ ਸਮਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਲੱਗਭਗ 15 ਤੋਂ 30 ਮਿੰਟ ਦੀ ਮਿਆਦ ਵਾਲੇ ਹਿੰਦੀ ਆਡੀਓ ਅਤੇ ਵੀਡੀਓ ਬੁਲੇਟਿਨ ਵੀ ਜਾਰੀ ਕੀਤੇ ਜਾਣਗੇ।
ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਹ ਪਹਿਲ ਆਮ ਨਾਗਰਿਕਾਂ, ਮੁਦਈ ਤੇ ਬਚਾਅ ਧਿਰਾਂ ਅਤੇ ਵਿਸ਼ੇਸ਼ ਤੌਰ ’ਤੇ ਦਿਵਿਆਂਗਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਜੋ ਉਹ ਮਹੱਤਵਪੂਰਨ ਫ਼ੈਸਲਿਆਂ, ਉਨ੍ਹਾਂ ਦੇ ਪ੍ਰਭਾਵ ਅਤੇ ਅੱਗੇ ਦੀ ਕਾਰਵਾਈ ਨੂੰ ਆਪਣੀ ਜਾਣੀ-ਪਛਾਣੀ ਭਾਸ਼ਾ ਵਿਚ ਆਸਾਨੀ ਨਾਲ ਸਮਝ ਸਕਣ। ਬਿਆਨ ਅਨੁਸਾਰ ਕਿ ਇਸ ਦਾ ਮਕਸਦ ਨਿਆਂ ਤੱਕ ਪਹੁੰਚ ਨੂੰ ਵਧੇਰੇ ਸਮਾਵੇਸ਼ੀ ਬਣਾਉਣਾ ਅਤੇ ਭਾਰਤੀ ਭਾਸ਼ਾਵਾਂ ਨੂੰ ਦਿੱਤੇ ਜਾਣ ਵਾਲੇ ਸਤਿਕਾਰ ਨੂੰ ਨਿਆਇਕ ਸੂਚਨਾਵਾਂ ਦੇ ਜਨਤਕ ਪ੍ਰਸਾਰ ਨਾਲ ਜੋੜਨਾ ਹੈ। ਸਰਲ ਭਾਸ਼ਾ ਦੇ ਨਾਲ-ਨਾਲ ਆਡੀਓ ਅਤੇ ਵੀਡੀਓ ਫਾਰਮੈਟ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਵੀ ਲਾਭਦਾਇਕ ਹੋਵੇਗੀ, ਜਿਨ੍ਹਾਂ ਨੂੰ ਲੰਮੇ ਕਾਨੂੰਨੀ ਦਸਤਾਵੇਜ਼ ਪੜ੍ਹਨ ਜਾਂ ਸਮਝਣ ਵਿਚ ਅਸਮਰਥਾ ਜਾਂ ਔਖ ਹੁੰਦੀ ਹੈ।
ਪੜਾਅਵਾਰ ਤਰੀਕੇ ਨਾਲ ਹੋਰ ਭਾਰਤੀ ਭਾਸ਼ਾਵਾਂ ’ਚ ਵੀ ਮੁਹੱਈਆ ਹੋਵੇਗੀ ਸੇਵਾ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸੇਵਾ ਪਹਿਲਾਂ ਹਿੰਦੀ ਵਿਚ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ। ਇਸ ਨਾਲ ਵੱਖ-ਵੱਖ ਭਾਸ਼ਾਈ ਖੇਤਰਾਂ ਦੇ ਨਾਗਰਿਕ ਸੁਪਰੀਮ ਕੋਰਟ ਦੇ ਮਹੱਤਵਪੂਰਨ ਫ਼ੈਸਲਿਆਂ ਦੀ ਸੰਖੇਪ ਅਤੇ ਸਹਿਜ ਜਾਣਕਾਰੀ ਆਪਣੀ ਭਾਸ਼ਾ ਵਿਚ ਪ੍ਰਾਪਤ ਕਰ ਸਕਣਗੇ। ਇਸ ਲਈ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਜਾਣਗੇ ਅਤੇ ਫਿਰ ਹਿੰਦੀ ਵਿਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਅਨੁਵਾਦ ਵੀ ਇਕ ਵੱਡਾ ਮੁੱਦਾ ਰਿਹਾ ਹੈ। ਕਈ ਵਾਰ ਗਲਤ ਅਨੁਵਾਦ ਦੇ ਚਲਦਿਆਂ ਭਰਮਾਊ ਜਾਣਕਾਰੀਆਂ ਵੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਪ੍ਰਸਾਰਿਤ ਹੋ ਜਾਂਦੀਆਂ ਹਨ। ਹੁਣ ਜੇਕਰ ਸੁਪਰੀਮ ਕੋਰਟ ਦੇ ਪੱਧਰ ’ਤੇ ਹੀ ਅਨੁਵਾਦ ਕਰ ਕੇ ਫ਼ੈਸਲਿਆਂ ਦੀ ਸੱਮਰੀ ਪੇਸ਼ ਕੀਤੀ ਜਾਵੇਗੀ ਤਾਂ ਇਸ ਨਾਲ ਗਲਤ ਸੂਚਨਾਵਾਂ ਦੇ ਫੈਲਣ ’ਤੇ ਵੀ ਰੋਕ ਲੱਗ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
