ਹਿਮਾਚਲ ''ਚ ਟੁੱਟੇਗਾ ਸੋਕਾ, 8 ਜ਼ਿਲ੍ਹਿਆਂ ''ਚ ਮੀਂਹ ਤੇ ਬਰਫ਼ਬਾਰੀ ਲਈ ਯੈਲੋ ਅਲਰਟ

Thursday, Dec 05, 2024 - 09:24 PM (IST)

ਹਿਮਾਚਲ ''ਚ ਟੁੱਟੇਗਾ ਸੋਕਾ, 8 ਜ਼ਿਲ੍ਹਿਆਂ ''ਚ ਮੀਂਹ ਤੇ ਬਰਫ਼ਬਾਰੀ ਲਈ ਯੈਲੋ ਅਲਰਟ

ਸ਼ਿਮਲਾ (ਸੰਤੋਸ਼) : ਸੂਬੇ 'ਚ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੁੱਕਾ ਦੌਰ ਹੁਣ ਟੁੱਟਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਅਨੁਸਾਰ, ਇੱਕ ਤਾਜ਼ਾ ਪੱਛਮੀ ਗੜਬੜ 7 ਦਸੰਬਰ ਦੀ ਰਾਤ ਤੋਂ ਸਰਗਰਮ ਹੋਵੇਗੀ, ਜੋ ਪੱਛਮੀ ਹਿਮਾਲੀਅਨ ਖੇਤਰਾਂ ਸਮੇਤ ਉੱਤਰ-ਪੱਛਮੀ ਭਾਰਤ ਦੇ ਆਲੇ ਦੁਆਲੇ ਦੇ ਮੈਦਾਨਾਂ ਨੂੰ ਪ੍ਰਭਾਵਤ ਕਰ ਸਕਦੀ ਹੈ। ਅਜਿਹੇ 'ਚ ਸੂਬੇ ਦੇ ਕੇਂਦਰੀ ਅਤੇ ਮੈਦਾਨੀ ਇਲਾਕਿਆਂ ਦੇ 8 ਜ਼ਿਲਿਆਂ 'ਚ ਮੀਂਹ ਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

7 ਦਸੰਬਰ ਦੀ ਰਾਤ ਤੋਂ ਮੌਸਮ ਬਦਲ ਜਾਵੇਗਾ ਤੇ 8 ਦਸੰਬਰ ਨੂੰ ਲਾਹੌਲ-ਸਪੀਤੀ, ਚੰਬਾ, ਕਿਨੌਰ ਤੋਂ ਇਲਾਵਾ ਕੇਂਦਰੀ ਅਤੇ ਮੈਦਾਨੀ ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ 'ਚ ਵੱਖ-ਵੱਖ ਥਾਵਾਂ 'ਤੇ ਹਨ੍ਹੇਰੀ ਹੋਵੇਗੀ। ਸੋਲਨ ਤੇ ਸਿਰਮੌਰ 'ਚ ਮੀਂਹ ਦੀ ਸੰਭਾਵਨਾ ਦੱਸਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

8 ਅਤੇ 9 ਦਸੰਬਰ ਨੂੰ ਦੋ ਦਿਨ ਰਾਜ ਦੇ ਸਾਰੇ ਖੇਤਰਾਂ 'ਚ ਮੀਂਹ ਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। 10 ਦਸੰਬਰ ਤੋਂ ਮੌਸਮ ਫਿਰ ਸਾਫ਼ ਤੇ ਖੁਸ਼ਕ ਰਹੇਗਾ। ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਧੁੱਪ ਨਿਕਲੀ ਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦੋ ਦਿਨ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਸ਼ਨੀਵਾਰ ਰਾਤ ਤੋਂ ਮੌਸਮ 'ਚ ਬਦਲਾਅ ਆ ਸਕਦਾ ਹੈ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੀਆਂ ਚੋਟੀਆਂ 'ਤੇ ਹਲਕੀ ਬਰਫਬਾਰੀ ਹੋਈ ਹੈ ਪਰ ਕੇਂਦਰੀ ਅਤੇ ਮੈਦਾਨੀ ਇਲਾਕਿਆਂ 'ਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ।


author

Baljit Singh

Content Editor

Related News