ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 50 ਸਾਲ ਕੀਤੇ ਪੂਰੇ
Wednesday, Oct 02, 2024 - 03:52 PM (IST)
ਸ਼ਿਮਲਾ- 2 ਅਕਤੂਬਰ ਯਾਨੀ ਕਿ ਅੱਜ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਸੇਵਾ ਦੇ 50 ਸਾਲ ਪੂਰੇ ਹੋ ਗਏ ਹਨ। HRTC ਦੀ ਇਸ ਲੰਬੀ ਅਤੇ ਸਫ਼ਲ ਯਾਤਰਾ ਦਾ ਅਸੀਂ ਸਵਾਗਤ ਕਰਦੇ ਹਾਂ। ਪੂਰੇ ਹਿਮਾਚਲ ਵਿਚ ਇਸ ਖ਼ਾਸ ਮੌਕੇ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਬੱਸ ਅੱਡੇ ਨੂੰ ਖ਼ਾਸ ਢੰਗ ਨਾਲ ਸਜਾਇਆ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ 27 ਸ਼੍ਰੇਣੀਆਂ ਦੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹੋਏ ਰੋਜ਼ਾਨਾ ਰਿਆਇਤੀ ਯਾਤਰਾ ਰਾਹੀਂ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ 50 ਲੱਖ ਰੁਪਏ ਦੀ ਸਬਸਿਡੀ ਦੇ ਬਾਵਜੂਦ HRTC ਨੇ ਚਾਲੂ ਵਿੱਤੀ ਸਾਲ (ਅਪ੍ਰੈਲ ਤੋਂ ਸਤੰਬਰ) ਵਿਚ 55 ਕਰੋੜ ਰੁਪਏ ਦੀ ਵਾਧੂ ਕਮਾਈ ਕੀਤੀ ਹੈ। ਸੂਬੇ ਵਿਚ ਸੀਮਤ ਰੇਲ ਅਤੇ ਹਵਾਈ ਸੇਵਾ ਦੇ ਨਾਲ HRTC ਲਗਭਗ 3,700 ਰੂਟਾਂ 'ਤੇ ਸੜਕ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਬੁੱਧਵਾਰ ਯਾਨੀ ਕਿ ਅੱਜ ਇਸ ਨੇ ਜਨਤਕ ਸੇਵਾ ਦੇ 50 ਸਾਲ ਪੂਰੇ ਕੀਤੇ।
ਮਿਊਜ਼ੀਅਮ ਦਾ ਉਦਘਾਟਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੀਤਾ, ਜਿਨ੍ਹਾਂ ਕੋਲ ਟਰਾਂਸਪੋਰਟ ਵਿਭਾਗ ਦਾ ਕਾਰਜਭਾਰ ਵੀ ਹੈ। HRTC ਨੇ ਇਸ ਸਾਲ ਸਤੰਬਰ ਵਿਚ ਮੋਬਿਲਿਟੀ ਕਾਰਡ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਇਸ ਨੇ UPI, ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਨਕਦ ਰਹਿਤ ਭੁਗਤਾਨ ਵਿਕਲਪਾਂ ਕਰਨ ਵਾਲੇ ਦੇਸ਼ ਦੇ ਪਹਿਲਾ ਜਨਤਕ ਨਿਗਮ ਬਣਾਉਣ ਦਾ ਮਾਣ ਹਾਸਲ ਕੀਤਾ। HRTC ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਕਿਹਾ ਕਿ HRTC ਲਈ ਇਹ ਮਾਣ ਵਾਲਾ ਪਲ ਹੈ ਜੋ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਢੁਕਵਾਂ ਹੈ।