ਹਿਮਾਚਲ ’ਚ ਬਰਫ਼ਬਾਰੀ, ਹਾਈਵੇਅ ’ਤੇ ਡਿੱਗਿਆ ਪਹਾੜ
Thursday, Jun 18, 2026 - 10:38 PM (IST)
ਸ਼ਿਮਲਾ, (ਸੰਤੋਸ਼)- ਸੂਬੇ ਵਿਚ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਚ ਵੱਡਾ ਬਦਲਾਅ ਆਇਆ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਝੁਲਸਾਉਂਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਅਤੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਪਹਾੜਾਂ ’ਤੇ ਹਲਕੀ ਬਰਫ਼ਬਾਰੀ ਵੀ ਦਰਜ ਕੀਤੀ ਗਈ।
ਉੱਧਰ, ਕਿੰਨੌਰ ’ਚ ਪਹਾੜੀ ਤੋਂ ਵਿਸ਼ਾਲ ਚੱਟਾਨ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਕਈ ਮਕਾਨਾਂ ਅਤੇ ਸੇਬਾਂ ਦੇ ਬਗੀਚਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸ਼ਿਮਲਾ ’ਚ ਢਲੀ ਬਾਈਪਾਸ ’ਤੇ ਪੂਰਾ ਪਹਾੜ ਹੀ ਡਿੱਗ ਗਿਆ। ਪੁਲਿਸ ਨੇ ਲੋਕਾਂ ਨੂੰ ਢਲੀ-ਸੰਜੌਲੀ ਬਾਈਪਾਸ ਸੜਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਢਲੀ-ਸੰਜੌਲੀ ਬਾਈਪਾਸ ਸੜਕ ’ਤੇ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਨਾਲ ਸੜਕ ’ਤੇ ਵੱਡੀ ਮਾਤਰਾ ਵਿਚ ਮਲਬਾ ਡਿੱਗ ਗਿਆ ਹੈ, ਜਿਸ ਕਾਰਨ ਦੋਵੇਂ ਪਾਸੇ ਆਵਾਜਾਈ ਬੰਦ ਹੋ ਗਈ ਹੈ।
