ਹਿਮਾਚਲ ''ਚ ਵਰ੍ਹੇ ਬੱਦਲ, ਜ਼ਮੀਨ ਖਿਸਕਣ ਨਾਲ 156 ਸੜਕਾਂ ''ਤੇ ਆਵਾਜਾਈ ਪ੍ਰਭਾਵਿਤ
Saturday, Sep 14, 2024 - 05:04 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਿਹਾ। ਜਿਸ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸ਼ੁੱਕਰਵਾਰ ਰਾਤ ਹੋਈ ਬਰਫ਼ਬਾਰੀ ਮਗਰੋਂ ਲਾਹੌਲ-ਸਪੀਤੀ ਅਤੇ ਕਿੰਨੌਰ ਦੀਆਂ ਉੱਚੀਆਂ ਚੋਟੀਆਂ ਬਰਫ਼ ਨਾਲ ਢਕੀਆਂ ਗਈਆਂ ਹਨ, ਜੋ ਹੁਣ ਚਾਂਦੀ ਵਾਂਗ ਚਮਕ ਰਹੀਆਂ ਹਨ।
ਕੁੱਲੂ ਅਤੇ ਸ਼ਿਮਲਾ ਸਮੇਤ ਹੋਰ ਜ਼ਿਲ੍ਹਿਆਂ ਵਿਚ ਪੂਰੀ ਰਾਤ ਮੀਂਹ ਦਾ ਸਿਲਸਿਲਾ ਜਾਰੀ ਰਿਹਾ, ਜਿਸ ਨਾਲ ਠੰਡ ਵਿਚ ਇਜ਼ਾਫਾ ਹੋ ਗਿਆ ਹੈ ਅਤੇ ਸਥਾਨਕ ਵਾਸੀਆਂ ਨੇ ਗਰਮ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਲਾਹੌਲ ਘਾਟੀ ਵਿਚ ਠੰਡ ਲਗਾਤਾਰ ਵੱਧ ਰਹੀ ਹੈ, ਜਿਸ ਦਾ ਅਸਰ ਮਨਾਲੀ-ਲੇਹ ਮਾਰਗ ਦੀ ਆਵਾਜਾਈ 'ਤੇ ਪਿਆ ਹੈ। ਰੋਹਤਾਂਗ ਦਰਰਾ, ਸ਼ਿੰਕੁਲਾ, ਹਨੂੰਮਾਨ ਟਿੱਬਾ, ਲੱਦਾਖੀ ਪੀਕ ਅਤੇ ਬਾਰਾਲਾਚਾ ਦਰਰਾ ਵਿਚ ਵੀ ਬਰਫ਼ਬਾਰੀ ਹੋਈ ਹੈ। ਇਸ ਬਰਫ਼ਬਾਰੀ ਕਾਰਨ 383 ਟਰਾਂਸਫ਼ਾਰਮਰ ਵੀ ਪ੍ਰਭਾਵਿਤ ਹੋਏ ਹਨ ਅਤੇ ਕਈ ਥਾਵਾਂ 'ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਮੌਸਮ ਵਿਚ ਆਏ ਬਦਲਾਅ ਕਾਰਨ ਖੇਤਰ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਸੂਬੇ ਵਿਚ ਸ਼ਨੀਵਾਰ ਸਵੇਰੇ 10.00 ਵਜੇ ਤੱਕ ਇਕ ਨੈਸ਼ਨਲ ਹਾਈਵੇਅ ਸਮੇਤ 156 ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਅਤੇ ਇਕ ਪੁਲ ਵੀ ਨੁਕਸਾਨਿਆ ਗਿਆ ਹੈ।