ਹੜ੍ਹ ''ਚ ਰੁੜ੍ਹ ਗਏ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਹੁਣ ਤੱਕ 18 ਦੀ ਮੌਤ, 37 ਲਾਪਤਾ
Wednesday, Aug 07, 2024 - 12:43 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਹਾਲਾਤ ਬੱਦਤਰ ਹੋ ਗਏ ਹਨ। ਬੱਦਲ ਫਟਣ ਦੀ ਘਟਨਾ ਮਗਰੋਂ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 37 ਲੋਕ ਲਾਪਤਾ ਹਨ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਦਾ ਖ਼ਦਸ਼ਾ ਜਤਾਇਆ ਹੈ ਅਤੇ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਸਬੰਧ 'ਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰੀ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਉਨ੍ਹਾਂ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿੱਥੇ ਪਾਣੀ ਭਰਨ ਦੀ ਸਮੱਸਿਆ ਹੈ।
ਪ੍ਰਦੇਸ਼ ਵਿਚ 24 ਘੰਟਿਆਂ ਦੌਰਾਨ ਊਨਾ ਵਿਚ 40.2, ਬਿਲਾਸਪੁਰ ਵਿਚ 25.8, ਸ਼ਿਮਲਾ ਵਿਚ 19, ਕੁਫਰੀ ਵਿਚ 13.4, ਪਾਊਂਟਾ ਸਾਹਿਬ ਵਿਚ 12 ਮਿਲੀਮੀਟਰ ਮੀਂਹ ਪਿਆ ਹੈ। ਪ੍ਰਦੇਸ਼ ਵਿਚ 53 ਸੜਕਾਂ ਆਵਾਜਾਈ ਲਈ ਬੰਦ ਹਨ। ਕੁੱਲੂ ਵਿਚ 18, ਮੰਡੀ ਵਿਚ 16, ਕਾਂਗੜਾ ਵਿਚ 6, ਲਾਹੌਲ ਸਪੀਤੀ ਵਿਚ 3, ਸ਼ਿਮਲਾ ਅਤੇ ਕਿਨੌਰ ਵਿਚ ਦੋ-ਦੋ ਸੜਕਾਂ ਬੰਦ ਹਨ, ਜਦਕਿ 17 ਟਰਾਂਸਫਾਰਮਰ ਖਰਾਬ ਹਨ।
ਦੋ ਹੋਰ ਲਾਸ਼ਾਂ ਮਿਲੀਆਂ
ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿਚ 31 ਜੁਲਾਈ ਦੀ ਰਾਤ ਨੂੰ 7 ਥਾਵਾਂ ’ਤੇ ਬੱਦਲ ਫਟਣ ਮਗਰੋਂ ਆਏ ਹੜ੍ਹ ਕਾਰਨ ਲਾਪਤਾ ਦੋ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮੰਗਲਵਾਰ ਨੂੰ ਮੰਡੀ ਦੇ ਰਾਜਬਨ 'ਚ ਮਹਿਲਾ ਖੁੱਡੀ ਦੇਵੀ ਦੀ ਲਾਸ਼ ਮਿਲੀ। ਹੁਣ ਤੱਕ ਇੱਥੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਕ ਨੌਜਵਾਨ ਹਰਦੇਵ ਲਾਪਤਾ ਹੈ। ਓਧਰ ਰਾਮਪੁਰ ਦੇ ਸਮੇਜ ਤੋਂ ਸਤਲੁਜ ਵਿਚ ਵਹਿ ਗਈਆਂ 6 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਮੇਜ ਵਿਚ 27, ਕੁੱਲੂ ਦੇ ਬਾਗੀਪੁਲ ਵਿਚ 9 ਅਤੇ ਮੰਡੀ ਦੇ ਰਾਜਬਨ 'ਚ ਇਕ ਵਿਅਕਤੀ ਲਾਪਤਾ ਹੈ। ਸੂਬੇ 'ਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 37 ਲਾਪਤਾ ਹਨ।