ਭਾਰਤ-ਪਾਕਿ ਤਣਾਅ ਦਰਮਿਆਨ ਹਿਮਾਚਲ ਦੇ ਹਵਾਈ ਅੱਡੇ ਬੰਦ
Wednesday, May 07, 2025 - 06:29 PM (IST)

ਸ਼ਿਮਲਾ- ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਧਦੇ ਤਣਾਅ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਤਿੰਨ ਹਵਾਈ ਅੱਡਿਆਂ, ਧਰਮਸ਼ਾਲਾ, ਕੁੱਲੂ ਅਤੇ ਸ਼ਿਮਲਾ 'ਤੇ ਸਾਰੇ ਨਾਗਰਿਕ ਉਡਾਣਾਂ ਦਾ ਸੰਚਾਲਨ ਤੁਰੰਤ ਪ੍ਰਭਾਵ ਤੋਂ 9 ਮਈ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਉੱਤਰੀ ਅਤੇ ਪੱਛਮੀ ਹਵਾਈ ਅੱਡਿਆਂ 'ਤੇ ਨਾਗਰਿਕ ਹਵਾਈ ਆਵਾਜਾਈ ਦੇ ਵਿਆਪਕ ਮੁਅੱਤਲ ਦਾ ਹਿੱਸਾ ਹਨ। ਇਹ ਕਥਿਤ ਤੌਰ 'ਤੇ ਵਿਗੜਦੀ ਸੁਰੱਖਿਆ ਸਥਿਤੀ ਦਰਮਿਆਨ ਸਾਵਧਾਨੀ ਉਪਾਅ ਦੇ ਰੂਪ ਵਿਚ ਲਿਆ ਗਿਆ ਹੈ। ਇਸ ਕਦਮ ਨੂੰ ਫ਼ੌਜ ਦੀ ਵੱਧਦੀ ਚੌਕਸੀ ਦੇ ਸੰਕੇਤ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ) ਵੱਲੋਂ ਹੋਰ ਸਲਾਹਾਂ ਜਾਰੀ ਕੀਤੇ ਜਾਣ ਦੀ ਉਮੀਦ ਹੈ ਅਤੇ ਏਅਰਲਾਈਨਾਂ ਨੂੰ ਯਾਤਰੀਆਂ ਨੂੰ ਘਟਨਾਕ੍ਰਮ ਬਾਰੇ ਸੂਚਿਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਮੁੜ-ਸ਼ਡਿਊਲਿੰਗ ਜਾਂ ਰਿਫੰਡ ਲਈ ਏਅਰਲਾਈਨ ਹੈਲਪਲਾਈਨਾਂ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਚਾਨਕ ਮੁਅੱਤਲੀ ਨੇ ਹਿਮਾਚਲ ਪ੍ਰਦੇਸ਼ ਨਾਲ ਹਵਾਈ ਸੰਪਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੱਟ ਦਿੱਤਾ ਹੈ, ਜਿਸ ਨਾਲ ਸੈਲਾਨੀਆਂ, ਸਥਾਨਕ ਲੋਕਾਂ ਅਤੇ ਕਾਰੋਬਾਰੀ ਯਾਤਰੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਹਿਮਾਚਲ ਜੋ ਇਸ ਸਮੇਂ ਆਪਣੇ ਸੈਲਾਨੀ ਸੀਜ਼ਨ ਵਿਚ ਹੈ, ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਅਨਿਸ਼ਚਿਤਤਾ ਕਾਰਨ ਆਮਦ ਵਿਚ ਗਿਰਾਵਟ ਆ ਸਕਦੀ ਹੈ।