ਹਿਮਾਚਲ ਮੇਰਾ ਦੂਜਾ ਘਰ, ਹੋਏ ਨੁਕਸਾਨ ਤੋਂ ਦੁਖੀ ਹਾਂ, ਹਰ ਸੰਭਵ ਮਦਦ ਕਰਾਂਗਾ : PM ਮੋਦੀ

Tuesday, Sep 09, 2025 - 09:59 PM (IST)

ਹਿਮਾਚਲ ਮੇਰਾ ਦੂਜਾ ਘਰ, ਹੋਏ ਨੁਕਸਾਨ ਤੋਂ ਦੁਖੀ ਹਾਂ, ਹਰ ਸੰਭਵ ਮਦਦ ਕਰਾਂਗਾ : PM ਮੋਦੀ

ਧਰਮਸ਼ਾਲਾ, (ਸੌਰਭ ਕੁਮਾਰ)- ਮੰਗਲਵਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਹਿਮਾਚਲ ਪ੍ਰਦੇਸ਼ ਲਈ ਰਾਹਤ ਤੇ ਨਵੀਂ ਉਮੀਦ ਲੈ ਕੇ ਆਇਆ, ਜੋ ਇਸ ਮਾਨਸੂਨ ਸੀਜ਼ਨ ’ਚ ਲਗਾਤਾਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਆਫ਼ਤ ਪ੍ਰਭਾਵਿਤ ਸੂਬੇ ਲਈ 1,500 ਕਰੋੜ ਰੁਪਏ ਦੀ ਤੁਰੰਤ ਰਾਹਤ ਦੇਣ ਦਾ ਐਲਾਨ ਕੀਤਾ। ਹਾਲਾਂਕਿ ਸੂਬਾ ਸਰਕਾਰ ਨੇ ਇਸ ਸਾਲ ਆਫ਼ਤ ਕਾਰਨ ਹੋਏ 5000 ਕਰੋੜ ਰੁਪਏ ਦੇ ਮੁਢਲੇ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਤੇ ਮੋਦੀ ਨੂੰ ਇਕ ਵਿਸ਼ੇਸ਼ ਆਰਥਿਕ ਪੈਕੇਜ ਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ।

ਕੁਦਰਤੀ ਆਫ਼ਤ ਪ੍ਰਭਾਵਿਤ ਚੰਬਾ ਜ਼ਿਲੇ ਦੇ ਭਰਮੌਰ, ਮਨੀ ਮਹੇਸ਼ ਤੇ ਕਾਂਗੜਾ ਦੇ ਪੋਂਗ ਡੈਮ ਨੇੜੇ ਮੰਡ ਖੇਤਰ ’ਚ ਹੜ੍ਹ ਤੇ ਜ਼ਮੀਨ ਖਿਸਕਣ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਪਿੱਛੋਂ ਮੋਦੀ ਨੇ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਪਹਿਲਾਂ ਉਹ ਸੂਬੇ ਦੇ ਕੁਝ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦਾ ਦਰਦ ਸੁਣਿਆ। ਮੋਦੀ ਨੇ ਕਿਹਾ ਕਿ ਹਿਮਾਚਲ ਮੇਰਾ ਦੂਜਾ ਘਰ ਹੈ। ਮੈਂ ਇਸ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਤੋਂ ਦੁਖੀ ਹਾਂ। ਹਰ ਸੰਭਵ ਮਦਦ ਕਰਾਂਗਾ।

ਪ੍ਰਧਾਨ ਮੰਤਰੀ ਨੇ ਕਾਂਗੜਾ ਹਵਾਈ ਅੱਡੇ ਦੇ ਮੀਟਿੰਗ ਰੂਮ ’ਚ ਲਗਭਗ 40 ਮਿੰਟ ਚੱਲੀ ਉੱਚ-ਪੱਧਰੀ ਮੀਟਿੰਗ ’ਚ ਰਾਹਤ ਅਤੇ ਮੁੜ -ਵਸੇਬਾ ਉਪਾਵਾਂ ਦੀ ਸਮੀਖਿਆ ਕੀਤੀ ਤੇ ਸੂਬਾ ਸਰਕਾਰ ਦਾ ਪੱਖ ਵੀ ਸੁਣਿਆ।

ਕਾਂਗੜਾ ’ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਭਾਜਪਾ ਆਗੂਆਂ, ਸੰਸਦ ਮੈਂਬਰਾਂ ਅਤੇ ਬਚਾਅ ਤੇ ਰਾਹਤ ਕਾਰਜਾਂ ’ਚ ਲੱਗੇ ਮੁਲਾਜ਼ਮਾਂ ਨਾਲ ਮੀਟਿੰਗ ਦੌਕਾਨ ਮੋਦੀ ਨੇ ਪ੍ਰਭਾਵਿਤ ਖੇਤਰਾਂ ’ਚ ਬੁਨਿਆਦੀ ਢਾਂਚੇ ਦੀ ਬਹਾਲੀ ਤੇ ਮੁੜ ਉਸਾਰੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਤੇ ਸੂਬਾ ਆਫ਼ਤ ਪ੍ਰਤੀਕਿਰਿਆ ਫੰਡ ਦੀ ਦੂਜੀ ਕਿਸ਼ਤ ਵਜੋਂ 1,500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾਵੇਗੀ।

ਮੋਦੀ ਨੇ ਸੂਬੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਬਹੁ-ਪੱਖੀ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਫ਼ਤ ’ਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਰਾਹਤ ਤੇ ਬਚਾਅ ਕਾਰਜਾਂ ’ਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ , ਸੂਬਾਈ ਆਫ਼ਤ ਪ੍ਰਤੀਕਿਰਿਆ ਫੋਰਸ , ਫੌਜ, ਸਬਾਈ ਪ੍ਰਸ਼ਾਸਨ ਤੇ ਹੋਰ ਸੰਗਠਨਾਂ ਦੇ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਆਫ਼ਤ ਪ੍ਰਭਾਵਿਤ ਲੋਕ ਸਭਾ ਹਲਕਿਆਂ ਕਾਂਗੜਾ-ਚੰਬਾ ਦੇ ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ, ਮੰਡੀ ਦੀ ਸੰਸਦ ਮੈਂਬਰ ਕੰਗਣਾ ਰਣੌਤ, ਰਾਜ ਸਭਾ ਦੇ ਮੈਂਬਰ ਹਰਸ਼ ਮਹਾਜਨ ਤੇ ਇੰਦੂ ਗੋਸਵਾਮੀ ਦੇ ਨਾਲ-ਨਾਲ ਵਿਧਾਇਕ ਅਤੇ ਸਾਬਕਾ ਵਿਧਾਇਕ ਵੀ ਆਫ਼ਤ ਪ੍ਰਭਾਵਿਤ ਲੋਕਾਂ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਵਿੱਚ ਮੌਜੂਦ ਸਨ।


author

Rakesh

Content Editor

Related News