ਹਿਮਾਚਲ ਦੇ CM ਸੁੱਖੂ ਨੇ ਕੇਂਦਰ ਤੋਂ ਮੰਗਿਆ ਵਿਸ਼ੇਸ਼ ਪੈਕਜ
Saturday, Nov 30, 2024 - 10:41 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਸੂਬੇ ਲਈ ਵਿਸ਼ੇਸ਼ ਉਦਯੋਗਿਕ ਪੈਕਜ ਦੇਣ ਦੀ ਬੇਨਤੀ ਕੀਤੀ ਹੈ। ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਸੁੱਖੂ ਨੇ ਵੀਰਵਾਰ ਨੂੰ ਦਿੱਲੀ ਵਿਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਹਿਮਾਚਲ ਪ੍ਰਦੇਸ਼ ਨੂੰ ਵੀ ਜੰਮੂ-ਕਸ਼ਮੀਰ ਅਤੇ ਪੂਰਬੀ-ਉੱਤਰੀ ਸੂਬਿਆਂ ਵਾਂਗ ਵਿਸ਼ੇਸ਼ ਉਦਯੋਗਿਕ ਪੈਕਜ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਤਰੱਕ ਦਿੱਤਾ ਕਿ ਸੰਤੁਲਿਤ ਖੇਤਰੀ ਵਿਕਾਸ ਯਕੀਨੀ ਕਰਨ ਲਈ ਅਜਿਹਾ ਪੈਕਜ ਮਹੱਤਵਪੂਰਨ ਹੈ। ਬਿਆਨ ਮੁਤਾਬਕ ਸੁੱਖੂ ਨੇ ਕੇਂਦਰੀ ਮੰਤਰੀ ਤੋਂ ਹਿਮਾਚਲ ਵਰਗੇ ਪਹਾੜੀ ਸੂਬਿਆਂ ਲਈ ਪਿਛਲੀ ਟਰਾਂਸਪੋਰਟ ਸਬਸਿਡੀ ਯੋਜਨਾ ਨੂੰ ਬਹਾਲ ਕਰਨ ਦੀ ਵੀ ਬੇਨਤੀ ਕੀਤੀ, ਕਿਉਂਕਿ ਇਸ ਖੇਤਰ ਦੇ ਉੱਚੇ ਇਲਾਕਿਆਂ ਕਾਰਨ ਰਸਦ ਲਾਗਤ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਦਯੋਗਿਕ ਉਤਪਾਦਨ ਨੂੰ ਹੱਲਾ-ਸ਼ੇਰੀ ਦੇਣ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਮਦਦ ਮਿਲੇਗੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ, ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ ਅਤੇ ਪ੍ਰਮਾਣੀਕਰਣ ਪ੍ਰਯੋਗਸ਼ਾਲਾਵਾਂ ਲਈ ਫੰਡਾਂ ਦੀ ਬੇਨਤੀ ਕੀਤੀ। ਮੁੱਖ ਮੰਤਰੀ ਸੁੱਖੂ ਨੇ ਉਦਯੋਗਿਕ ਵਿਕਾਸ ਸਕੀਮ (ਆਈ.ਡੀ.ਐਸ.) ਤਹਿਤ ਬਕਾਇਆ ਪੂੰਜੀ ਸਬਸਿਡੀ ਦੀ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਪੈਂਡਿੰਗ ਆਈ.ਡੀ.ਐਸ. ਕੇਸਾਂ ਦੀ ਪ੍ਰਵਾਨਗੀ ਦੇਣ ਦੀ ਵੀ ਅਪੀਲ ਕੀਤੀ। ਬਿਆਨ ਅਨੁਸਾਰ ਕੇਂਦਰੀ ਮੰਤਰੀ ਗੋਇਲ ਨੇ ਭਰੋਸਾ ਦਿੱਤਾ ਕਿ ਚੁੱਕੇ ਗਏ ਮੁੱਦਿਆਂ 'ਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਜਾਵੇਗਾ ਅਤੇ ਸੂਬੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।