MP ਦੇ ਸਕੂਲਾਂ ’ਚ ਫਿਲਹਾਲ ਹਿਜਾਬ ’ਤੇ ਨਹੀਂ ਲੱਗੇਗਾ ਬੈਨ, ਵਿਵਾਦ ਤੋਂ ਬਾਅਦ ਸਿੱਖਿਆ ਮੰਤਰੀ ਦਾ ਯੂ-ਟਰਨ
Wednesday, Feb 09, 2022 - 03:00 PM (IST)
ਭੋਪਾਲ– ਮੱਧ ਪ੍ਰਦੇਸ਼ ਦੇ ਸਕੂਲਾਂ ਚ ਹਿਜਾਬ ’ਤੇ ਬੈਨ ’ਤੇ ਬਿਆਨ ਨੂੰ ਲੈ ਕੇ ਵਿਵਾਦ ਵਧਣ ’ਤੇ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਵੀਡੀਆ ਜਾਰੀ ਕਰਕੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮੱਧ ਪ੍ਰਦੇਸ਼ ਦੇ ਸਕੂਲਾਂ ’ਚ ਕੋਈ ਨਵਾਂ ਡਰੈੱਸ ਕੋਡ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ ਸਰਕਾਰ ਇਸ ’ਤੇ ਕੋਈ ਵਿਚਾਰ ਕਰ ਰਹੀ ਹੈ। ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਫਿਲਹਾਲ ਸਕੂਲਾਂ ’ਚ ਪਰੰਪਰਾਗਤ ਚਾਲੂ ਡਰੈੱਸ ਕੋਡ ਹੀ ਚੱਲਣਗੇ। ਦੱਸ ਦੇਈਏ ਕਿ ਮੰਗਲਵਾਰ ਨੂੰ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਸਕੂਲਾਂ ’ਚ ਹਿਜਾਬ ਬੈਨ ਕਰਰਕੇ ਡਰੈੱਸ ਕੋਡ ਲਿਆਉਣ ਦਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਕਾਂਗਰਸ ਨੇ ਸਰਕਾਰ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਸੀ। ਉਥੇ ਹੀ ਸੱਤਾ ਅਤੇ ਸੰਗਠਨ ਨੇ ਵੀ ਉਨ੍ਹਾਂ ਦੇ ਇਸ ਬਿਆਨ ’ਤੇ ਅਸਹਿਮਤੀ ਜਤਾਈ ਜਿਸਤੋਂ ਬਾਅਦ ਇੰਦਰ ਸਿੰਘ ਪਰਮਾਰ ਨੇ ਸਫਾਈ ਦਿੱਤੀ ਹੈ।
ਮੰਗਲਵਾਰ ਨੂੰ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਦਾ ਇਕ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹਿਜਾਬ ਯੂਨੀਫਾਰਮ ਕੋਡ ਦਾ ਹਿੱਸਾ ਨਹੀਂ ਹੈ। ਅਸੀਂ ਅਨੁਸ਼ਾਸਨ ਨੂੰ ਪਹਿਲ ਦੇਵਾਂਗੇ, ਇਸ ਲਈ ਸਕੂਲਾਂ ’ਚ ਸਾਰੇ ਵਿਦਿਆਰਥੀਆਂ ਦਾ ਇਕ ਸਮਾਨ ਡਰੈੱਸ ਕੋਡ ਹੋਵੇਗਾ। ਜੇਕਰ ਕੋਈ ਹਿਜਾਬ ਪਹਿਨ ਕੇ ਸਕੂਲ ਆਉਂਦਾ ਹੈ ਤਾਂ ਇਹ ਅਨੁਸ਼ਾਸਨ ਦੇ ਉਲੰਘਣ ਦੀ ਸ਼੍ਰੇਣੀ ’ਚ ਆਏਗਾ। ਸੂਬੇ ਦੇ ਸਾਰੇ ਸਕੂਲਾਂ ’ਚ ਇਕ ਹੀ ਡਰੈੱਸ ਕੋਡ ਲਾਗੂ ਹੋਵੇਗਾ ਜਿਸਦਾ ਪਾਲਨ ਸਾਰੇ ਵਿਦਿਆਰਥੀਆਂ ਨੂੰ ਕਰਨਾ ਹੋਵੇਗਾ। ਸ਼ਿਵਰਾਜ ਸਰਕਾਰ ਦਾ ਇਕ ਹੀ ਉਦੇਸ਼ ਹੈ ਕਿ ਸਾਰੇ ਵਿਦਿਆਰਥੀਆਂ ’ਚ ਸਮਾਨਤਾ ਦਾ ਭਾਵ ਰਹੇ।