ਓਡੀਸ਼ਾ ''ਚ ਇਕ ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹੈਰੋਇਨ ਜ਼ਬਤ, ਇਕ ਗ੍ਰਿਫ਼ਤਾਰ
Tuesday, Dec 19, 2023 - 02:58 PM (IST)
ਭੁਵਨੇਸ਼ਵਰ- ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਵਿਚ 46 ਸਾਲਾ ਇਕ ਵਿਅਕਤੀ ਦੇ ਕਬਜ਼ੇ ਤੋਂ ਇਕ ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹੈਰੋਇਨ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਅਪਰਾਧ ਸ਼ਾਖਾ ਦੇ ਵਿਸ਼ੇਸ਼ ਕਾਰਜ ਬਲ (STF) ਦੀ ਇਕ ਟੀਮ ਨੇ ਮੰਗਲਵਾਰ ਨੂੰ ਨੈਸ਼ਨਲ ਹਾਈਵੇਅ-49 'ਤੇ ਜੋੜੀਆ ਘਾਟੀ ਇਲਾਕੇ ਕੋਲ ਛਾਪੇਮਾਰੀ ਕੀਤੀ ਅਤੇ ਨਸ਼ੀਲੇ ਪਦਾਰਥ ਤਸਕਰ ਤੋਂ 1.080 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤਾ। ਉਨ੍ਹਾਂ ਨੇ ਦੱਸਿਆ ਕਿ STF ਨੇ ਮੰਗਲਵਾਰ ਨੂੰ 'ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ' ਤਹਿਤ ਮਾਮਲਾ ਦਰਜ ਕੀਤਾ ਅਤੇ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀ ਨੇ ਦੱਸਿਆ ਕਿ STF ਨੇ 2020 ਤੋਂ ਹੁਣ ਤੱਕ 74 ਕਿਲੋਗ੍ਰਾਮ ਤੋਂ ਵੱਧ ਬਰਾਊਨ ਸ਼ੂਗਰ/ਹੈਰੋਇਨ, 202 ਗ੍ਰਾਮ ਕੋਕੀਨ, 116 ਕੁਇੰਟਲ ਗਾਂਜਾ ਅਤੇ 3.36 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ ਅਤੇ 184 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ STF ਨੇ ਪਿਛਲੇ ਇਕ ਸਾਲ ਵਿਚ ਜ਼ਬਤ ਕੀਤੇ ਗਏ 62 ਕਿਲੋਗ੍ਰਾਮ ਤੋਂ ਵੱਧ ਬਰਾਊਨ ਸ਼ੂਗਰ ਨੂੰ ਵੀ ਨਸ਼ਟ ਕੀਤਾ ਹੈ।