ਹੇਮਾ ਮਾਲਿਨੀ ਨੇ ਸੰਸਦ ''ਚ ਚੁੱਕਿਆ ਯੂ. ਪੀ. ਦੇ ਸਰਕਾਰੀ ਸਕੂਲਾਂ ਦਾ ਹਾਲ

12/3/2019 3:55:37 PM

ਨਵੀਂ ਦਿੱਲੀ (ਵਾਰਤਾ)— ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਦਾ ਮੁਦਾ ਅੱਜ ਭਾਵ ਮੰਗਲਵਾਰ ਨੂੰ ਲੋਕ ਸਭਾ 'ਚ ਗੂੰਜਿਆ। ਮਸ਼ਹੂਰ ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਨਵੀਂ ਸਿੱਖਿਆ ਯੋਜਨਾ ਬਣਾਉਣ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਸਰਕਾਰ ਇਹ ਯੋਜਨਾ 'ਸਾਰਿਆਂ ਨੂੰ ਸਿੱਖਿਆ, ਚੰਗੀ ਸਿੱਖਿਆ' ਦੇ ਵਿਜ਼ਨ ਦੇ ਰੂਪ 'ਚ ਲੈ ਕੇ ਆਈ ਸੀ। ਇਸ ਦਾ ਟੀਚਾ ਪੂਰੇ ਦੇਸ਼ ਵਿਚ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਤਕ ਦੀ ਸਿੱਖਿਆ ਸਹੂਲਤ ਸਾਰਿਆਂ ਨੂੰ ਉਪਲੱਬਧ ਕਰਾਉਣ ਲਈ ਸੂਬਿਆਂ ਦੀ ਮਦਦ ਕਰਨਾ ਹੈ। ਮੇਰੇ ਹਲਕੇ 'ਚ ਬਹੁਤ ਸਾਰੀਆਂ ਥਾਵਾਂ (ਪੇਂਡੂ ਖੇਤਰ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਨਹੀਂ ਮਿਲ ਰਹੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਦਾਖਲੇ 'ਚ 60 ਫੀਸਦੀ ਦੀ ਕਮੀ ਦੇਖੀ ਗਈ ਹੈ ਅਤੇ ਇਸ ਦੇ ਚੱਲਦੇ ਮੋਦੀ ਜੀ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ ਹੈ। ਹੇਮਾ ਮਾਲਿਨੀ ਨੇ ਅੱਗੇ ਕਿਹਾ ਕਿ ਮੈਂ ਕਈ ਸਕੂਲਾਂ ਵਿਚ ਜਾ ਕੇ ਦੇਖਿਆ ਕਿ ਇਕ ਹੀ ਇਮਾਰਤ 'ਚ 4-5 ਸਕੂਲ ਚੱਲ ਰਹੇ ਹਨ ਅਤੇ ਕਈ ਸੂਕਲਾਂ 'ਚ 100 ਬੱਚਿਆਂ ਨੂੰ ਇਕ ਅਧਿਆਪਕ ਪੜ੍ਹਾ ਰਿਹਾ ਸੀ। ਅਨੇਕ ਸਕੂਲ ਦਰੱਖਤ ਦੇ ਹੇਠਾਂ ਚਲ ਰਹੇ ਸਨ ਅਤੇ ਇਨ੍ਹਾਂ 'ਚ ਪੀਣ ਵਾਲੇ ਪਾਣੀ ਅਤੇ ਪਖਾਨੇ ਦੀਆਂ ਸਹੂਲਤਾਂ ਦੀ ਕਮੀ ਸੀ। ਹੇਮਾ ਨੇ ਕਿਹਾ ਕਿ ਜੇਕਰ ਇਹ ਹੀ ਹਾਲ ਰਿਹਾ ਤਾਂ ਪਿੰਡ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਨਹੀਂ ਮਿਲ ਸਕੇਗੀ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਉੱਚ ਸਿੱਖਿਆ ਦੇ ਖੇਤਰ 'ਚ ਸਰਕਾਰੀ ਨਿਜੀ ਭਾਈਵਾਲੀ ਮਾਡਲ ਅਪਣਾਇਆ ਹੈ, ਉਹ ਮਾਡਲ ਵੀ ਪ੍ਰਾਇਮਰੀ ਅਤੇ ਸਕੂਲੀ ਸਿੱਖਿਆ 'ਚ ਲਾਗੂ ਹੋਵੇ।


Tanu

Edited By Tanu