ਧਰਮਸ਼ਾਲਾ ਦੇ ਖਨਿਆਰਾ ’ਚ ਮੀਂਹ ਦਾ ਕਹਿਰ, ਹੜ੍ਹ ਕਾਰਨ ਦੁਕਾਨਾਂ-ਬਿਜਲੀ ਟਰਾਂਸਫਾਰਮਰ ਤਬਾਹ
Friday, Sep 02, 2022 - 05:18 PM (IST)
ਧਰਮਸ਼ਾਲਾ- ਸੈਰ-ਸਪਾਟਾ ਨਗਰੀ ਧਰਮਸ਼ਾਲਾ ’ਚ ਇਕ ਵਾਰ ਫਿਰ ਤੋਂ ਮੀਂਹ ਨੇ ਤਬਾਹੀ ਮਚਾਈ ਦਿੱਤੀ। ਧਰਮਸ਼ਾਲਾ ਦੇ ਨਾਲ ਲੱਗਦੇ ਖਨਿਆਰਾ ’ਚ ਮੋਹਲੇਧਾਰੀ ਮੀਂਹ ਕਾਰਨ ਹੜ੍ਹ ਆ ਗਿਆ। ਇਸ ਦੌਰਾਨ ਆਏ ਹੜ੍ਹ ਨਾਲ ਖਨਿਆਰਾ ਬਾਜ਼ਾਰ ’ਚ ਭਾਰੀ ਨੁਕਸਾਨ ਹੋਇਆ। ਪੁਲਸ ਅਤੇ ਪ੍ਰਸ਼ਾਸਨਿਕ ਟੀਮਾਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਕਈ ਮਕਾਨਾਂ, ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਸੜਕ ਵੀ ਨੁਕਸਾਨੀ ਗਈ ਹੈ। ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਨਾਲ ਇਹ ਤਬਾਹੀ ਹੋਈ ਹੈ, ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਗੱਡੀਆਂ ਅਤੇ ਬਿਜਲੀ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਹਾਲਾਂਕਿ ਚੰਗੀ ਖ਼ਬਰ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਨਾਲ ਵਹਿ ਕੇ ਆਇਆ ਮਲਬਾ ਪੂਰੇ ਖੇਤਰ ’ਚ ਫੈਲ ਗਿਆ ਹੈ। ਹੜ੍ਹ ਨਾਲ ਹੋਏ ਨੁਕਸਾਨ ਨੂੰ ਲੈ ਕੇ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਕੇਂਦਰ ਸ਼ਿਮਲਾ ਨੇ 4 ਅਤੇ 5 ਸਤੰਬਰ ਲਈ ਮੋਹਲੇਧਾਰ ਮੀਂਹ ਦਾ ਯੋਲੈ ਅਲਰਟ ਜਾਰੀ ਕੀਤਾ ਹੈ।