ਮੁੰਬਈ ''ਚ ਭਾਰੀ ਮੀਂਹ, ਅਗਲੇ 24 ਘੰਟਿਆਂ ਲਈ ਜਾਰੀ ਹੋਇਆ ''ਯੈਲੋ'' ਅਲਰਟ

07/18/2023 2:41:42 PM

ਮੁੰਬਈ (ਭਾਸ਼ਾ)-  ਮੁੰਬਈ ਅਤੇ ਉਸ ਦੇ ਉਪਨਗਰਾਂ 'ਚ ਸੋਮਵਾਰ ਨੂੰ ਰਾਤ ਭਰ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਮੰਗਲਵਾਰ ਲਈ ਖੇਤਰ 'ਚ ਜ਼ਿਆਦਾ ਮੀਂਹ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਮੱਧ ਰੇਲਵੇ ਦੀ ਉੱਪਨਗਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਸਵੇਰੇ ਰੁਝੇ ਸਮੇਂ ਇਕ ਐਕਸਪ੍ਰੈੱਸ ਰੇਲ ਗੱਡੀ ਦਾ ਇੰਜਣ ਖ਼ਰਾਬ ਹੋਣ ਕਾਰਨ ਪਰੇਸ਼ਾਨੀ ਹੋਰ ਵਧ ਗਈ। ਰੇਲ ਯਾਤਰੀਆਂ ਨੇ ਲੋਕਲ ਟਰੇਨ ਦੇ 20 ਤੋਂ 25 ਮਿੰਟ ਦੀ ਦੇਰੀ ਨਾਲ ਚੱਲਣ ਦੀ ਸ਼ਿਕਾਇਤ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ ਬਾਂਦਰਾ, ਦਹਿਸਰ, ਚੇਂਬੂਰ, ਫੋਰਟ, ਮਾਟੁੰਗਾ, ਬਾਇਕੁਲਾ ਅਤੇ ਸ਼ਹਿਰ ਦੇ ਹੋਰ ਇਲਾਕਿਆਂ 'ਚ ਭਾਰੀ ਮੀਂਹ ਪਿਆ। ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ ਮੀਂਹ ਦੀ ਤੀਬਰਤਾ ਘੱਟ ਹੋਣ ਕਾਰਨ ਕਿਤੇ ਵੀ ਪਾਣੀ ਭਰਨ ਦੀ ਸਮੱਸਿਆ ਪੈਦਾ ਨਹੀਂ ਹੋਈ ਪਰ ਕਈ ਥਾਵਾਂ 'ਤੇ ਸੜਕ ਆਵਾਜਾਈ ਮਾਮੂਲੀ ਰੂਪ ਨਾਲ ਪ੍ਰਭਾਵਿਤ ਰਿਹਾ। ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਡਾ. ਸ਼ਿਵਰਾਜ ਮਾਨਸਪੁਰੇ ਨੇ ਦੱਸਿਆ ਕਿ ਠਾਣੇ ਜ਼ਿਲ੍ਹੇ ਦੇ ਅਟਗਾਂਵ ਸਟੇਸ਼ਨ 'ਤੇ ਗੋਰਖਪੁਰ-ਐੱਲ.ਟੀ.ਟੀ. ਸੁਪਰਫਾਸਟ ਐਕਸਪ੍ਰੈੱਸ ਟਰੇਨ ਦੇ ਇੰਜਣ 'ਚ ਤਕਨੀਕੀ ਖ਼ਰਾਬੀ ਆ ਗਈ ਪਰ ਅਧਿਕਾਰੀਆਂ ਨੇ ਕੁਝ ਹੀ ਦੇਰ 'ਚ ਦੂਜੇ ਇੰਜਣ ਦੀ ਵਿਵਸਥਾ ਕੀਤੀ।

ਮਾਨਸਪੁਰੇ ਅਨੁਸਾਰ, ਮਾਰਗ 'ਤੇ ਸੰਚਾਲਿਤ ਟਰੇਨ ਨੂੰ ਲੂਪ ਲਾਈਨ ਨਾਲ ਚਲਾਇਆ ਗਿਆ। ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਮੱਧ ਰੇਲਵੇ ਦੀਆਂ ਉੱਪਨਗਰੀ ਸੇਵਾਵਾਂ ਸਵੇਰ ਤੋਂ ਹੀ 10-15 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਸਨ ਅਤੇ ਇੰਜਣ ਖ਼ਰਾਬ ਹੋਣ ਦੀ ਘਟਨਾ ਤੋਂ ਬਾਅਦ ਜ਼ਿਆਦਾਤਰ ਟਰੇਨ ਸੇਵਾਵਾਂ 'ਚ 20 ਤੋਂ 25 ਮਿੰਟ ਦੀ ਦੇਰੀ ਹੋਈ। ਯਾਤਰੀਆਂ ਨੇ ਦਾਅਵਾ ਕੀਤਾ ਕਿ ਕੁਝ ਉੱਪ ਨਗਰੀ ਟਰੇਨਾਂ ਰੱਦ ਕੀਤੇ ਜਾਣ ਕਾਰਨ ਪਲੇਟਫਾਰਮ ਅਤੇ ਹੋਰ ਰੇਲ ਗੱਡੀਆਂ 'ਚ ਜ਼ਿਆਦਾ ਭੀੜ ਹੋ ਗਈ। ਭਾਰਤੀ ਮੌਸਮ ਵਿਭਾਗ (IMD) ਦੇ ਮੁੰਬਈ ਕੇਂਦਰ ਨੇ ਮੰਗਲਵਾਰ ਅਗਲੇ 24 ਘੰਟਿਆਂ ਵਿਚ ਮੁੰਬਈ ਅਤੇ ਉਪਨਗਰਾਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 


DIsha

Content Editor

Related News