ਕੇਰਲ ''ਚ ਮੋਹਲੇਧਾਰ ਮੀਂਹ, ਤੇਜ਼ ਹਵਾਵਾਂ ਕਾਰਨ ਉੱਖੜੇ ਕਈ ਦਰੱਖ਼ਤ

Wednesday, Aug 21, 2024 - 04:31 PM (IST)

ਕੇਰਲ ''ਚ ਮੋਹਲੇਧਾਰ ਮੀਂਹ, ਤੇਜ਼ ਹਵਾਵਾਂ ਕਾਰਨ ਉੱਖੜੇ ਕਈ ਦਰੱਖ਼ਤ

ਤਿਰੂਵਨੰਤਪੁਰਮ- ਕੇਰਲ ਦੇ ਕਈ ਜ਼ਿਲ੍ਹਿਆਂ ਵਿਚ ਬੁੱਧਵਾਰ ਤੜਕੇ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦਰੱਖ਼ਤ ਉੱਖੜ ਗਏ, ਵੱਖ-ਵੱਖ ਹਿੱਸਿਆਂ ਵਿਚ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਆਵਾਜਾਈ ਪ੍ਰਭਾਵਿਤ ਹੋਈ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਭਾਰਤ ਮੌਸਮ ਵਿਭਾਗ ਨੇ ਸਵੇਰ ਦੇ ਸਮੇਂ ਇੱਡੁਕੀ, ਏਰਨਾਕੁਲਮ ਅਤੇ ਤ੍ਰਿਸ਼ੂਲ ਜ਼ਿਲ੍ਹਿਆਂ 'ਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਹੀ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੇ ਉੱਖੜ ਜਾਣ ਕਾਰਨ ਕੋਟਾਯਮ ਅਤੇ ਅਲਾਪੁਜ਼ਾ ਵਿਚਕਾਰ ਰੇਲ ਸੰਚਾਲਨ ਪ੍ਰਭਾਵਿਤ ਹੋਇਆ।

ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਕੋਟਾਯਮ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਡਿੱਗੇ ਦਰੱਖਤਾਂ ਕਾਰਨ ਰੁਕੀ ਗਈ ਆਵਾਜਾਈ ਨੂੰ ਬਹਾਲ ਕਰਨ ਲਈ ਫਾਇਰ ਬ੍ਰਿਗੇਡ ਦੇ ਕਰਮੀਆਂ ਨੂੰ ਭੇਜਿਆ ਗਿਆ ਹੈ। ਕੇਰਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (KSDMA) ਨੇ ਕਿਹਾ ਕਿ ਮੁੱਖ ਸੜਕਾਂ 'ਤੇ ਪਾਣੀ ਭਰਨ ਦੀ ਸੰਭਾਵਨਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

KSDMA ਨੇ ਕਿਹਾ ਕਿ ਨੀਵੇਂ ਇਲਾਕਿਆਂ ਅਤੇ ਨਦੀ ਦੇ ਕਿਨਾਰਿਆਂ ਦੇ ਕਈ ਹਿੱਸਿਆਂ ਵਿਚ ਹੜ੍ਹ ਆਉਣ, ਬਿਜਲੀ ਸਪਲਾਈ ਠੱਪ ਹੋਣ, ਮਕਾਨਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਮੌਸਮ ਵਿਭਾਗ ਨੇ ਸੂਬੇ ਦੇ 6 ਜ਼ਿਲ੍ਹਿਆਂ ਵਿਚ 'ਆਰੇਂਜ ਅਲਰਟ' ਅਤੇ ਬੁੱਧਵਾਰ ਲਈ ਬਾਕੀ ਜ਼ਿਲ੍ਹਿਆਂ ਵਿਚ 'ਯੈਲੋ ਅਲਰਟ' ਜਾਰੀ ਕੀਤਾ ਸੀ।


author

Tanu

Content Editor

Related News