ਭਾਰਤ-ਨੇਪਾਲ ਸਰਹੱਦ ’ਤੇ ਬੱਦਲ ਫਟਣ ਕਾਰਨ ਭਾਰੀ ਤਬਾਹੀ, 2 ਮਰੇ
Sunday, Sep 11, 2022 - 04:16 PM (IST)
ਪਿਥੌਰਾਗੜ੍ਹ– ਭਾਰਤ-ਨੇਪਾਲ ਸਰਹੱਦ ’ਤੇ ਬੱਦਲ ਫਟਣ ਕਾਰਨ ਬਾਰਡਰ ਦੇ ਦੋਵੇਂ ਪਾਸਿਆਂ ’ਤੇ ਭਾਰੀ ਤਬਾਹੀ ਮਚੀ ਹੈ। ਪਿਥੌਰਾਗੜ੍ਹ ਜ਼ਿਲੇ ਵਿੱਚ ਬਹੁਤ ਸਾਰੇ ਮਕਾਨਾਂ ’ਚ ਮਲਬਾ ਦਾਖਲ ਹੋ ਗਿਆ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। 2 ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ। ਜਾਣਕਾਰੀ ਮੁਤਾਬਕ ਉਤਰਾਖੰਡ ਦੇ ਸਰਹੱਦੀ ਜ਼ਿਲੇ ਪਿਥੌਰਾਗੜ੍ਹ ਦੇ ਧਾਰਚੂਲਾ ਇਲਾਕੇ ’ਚ ਇਹ ਤਬਾਹੀ ਹੋਈ ਹੈ। ਦਰਜਨਾਂ ਘਰ ਢਹਿ ਗਏ ਹਨ। ਸੈਂਕੜੇ ਘਰ ਨੁਕਸਾਨੇ ਵੀ ਗਏ ਹਨ।
ਭਾਰਤ ਵਿੱਚ ਬੱਦਲ ਫਟਣ ਕਾਰਨ ਤਾਂ ਤਬਾਹੀ ਹੋਈ ਹੀ ਹੈ ਪਰ ਸਰਹੱਦ ਦੇ ਦੂਜੇ ਪਾਸੇ ਇਸ ਤੋਂ ਵੀ ਵੱਧ ਤਬਾਹੀ ਦੇਖਣ ਨੂੰ ਮਿਲੀ ਹੈ। ਕਈ ਪਿੰਡ ਜਲਥਲ ਹੋ ਗਏ ਹਨ। ਭਾਰਤ ਵਿੱਚ ਇੱਕ ਪੁਲ ਢਹਿ ਗਿਆ ਹੈ। ਜਾਣਕਾਰੀ ਮੁਤਾਬਕ ਖੋਟੀਲਾ ਦੇ ਪ੍ਰੇਮਨਗਰ ’ਚ ਕਾਲੀ ਨਦੀ ’ਤੇ ਬਣਿਆ ਪੁਲ ਟੁੱਟ ਗਿਆ ਹੈ ਕਿਉਂਕਿ ਕਾਲੀ ਨਦੀ ਝੀਲ ਵਰਗੀ ਹੋ ਗਈ ਸੀ। ਮਲਬੇ ਕਾਰਨ ਉਸ ਦਾ ਵਹਾਅ ਬੰਦ ਹੋ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ। ਕਈ ਲੋਕਾਂ ਨੂੰ ਤਬਾਹੀ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ।