iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ ਬੈਟਰੀ ਬੈਕਅੱਪ ਤੇ ਸੁਪਰਫਾਸਟ ਚਾਰਜਿੰਗ ਸਪੋਰਟ

Thursday, Sep 10, 2026 - 12:56 AM (IST)

iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ ਬੈਟਰੀ ਬੈਕਅੱਪ ਤੇ ਸੁਪਰਫਾਸਟ ਚਾਰਜਿੰਗ ਸਪੋਰਟ

ਗੈਜੇਟਸ ਡੈਸਕ : ਦਿੱਗਜ ਟੈਕ ਕੰਪਨੀ ਐਪਲ ਵੱਲੋਂ ਆਪਣੇ 'ਸਰਪ੍ਰਾਈਜ਼ ਐਂਡ ਸ਼ਾਈਨ' ਈਵੈਂਟ ਵਿੱਚ ਨਵੀਂ iPhone 18 ਸੀਰੀਜ਼ ਦੇ ਪ੍ਰੋ ਮਾਡਲਾਂ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਆਪਣੇ ਫਲੈਗਸ਼ਿਪ ਮਾਡਲਾਂ iPhone 18 Pro ਅਤੇ iPhone 18 Pro Max ਵਿੱਚ ਬੈਟਰੀ, ਫਾਸਟ ਚਾਰਜਿੰਗ ਅਤੇ ਕੂਲਿੰਗ ਤਕਨੀਕ 'ਚ ਵੱਡੇ ਅਪਗ੍ਰੇਡ ਕੀਤੇ ਹਨ।

ਈਵੈਂਟ ਦੌਰਾਨ ਦਿੱਤੀ ਗਈ ਜਾਣਕਾਰੀ ਮੁਤਾਬਕ, iPhone 18 Pro ਇੱਕ ਵਾਰ ਫੁੱਲ ਚਾਰਜ ਕਰਨ 'ਤੇ 24 ਘੰਟੇ ਤੱਕ ਦਾ ਬੈਟਰੀ ਬੈਕਅੱਪ ਦਿੰਦਾ ਹੈ, ਜਦਕਿ iPhone 18 Pro Max ਵਿੱਚ ਇਹ ਸਮਰੱਥਾ 30 ਘੰਟੇ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਨਵੇਂ ਮਾਡਲਾਂ ਵਿੱਚ ਸੁਪਰਫਾਸਟ ਚਾਰਜਿੰਗ ਸਪੋਰਟ ਦਿੱਤੀ ਗਈ ਹੈ, ਜਿਸ ਨਾਲ ਫੋਨ ਸਿਰਫ 15 ਮਿੰਟ ਵਿੱਚ 50 ਫੀਸਦੀ ਤੱਕ ਚਾਰਜ ਹੋ ਜਾਂਦਾ ਹੈ।

ਗੇਮਿੰਗ ਜਾਂ ਬਹੁਤ ਜ਼ਿਆਦਾ ਵਰਤੋਂ ਦੌਰਾਨ ਡਿਵਾਈਸ ਨੂੰ ਗਰਮ ਹੋਣ ਤੋਂ ਬਚਾਉਣ ਲਈ iPhone 18 Pro ਵਿੱਚ ਨੈਕਸਟ-ਜਨਰੇਸ਼ਨ ਵੇਪਰ ਚੈਂਬਰ ਕੂਲਿੰਗ ਸਿਸਟਮ ਸ਼ਾਮਲ ਕੀਤਾ ਗਿਆ ਹੈ। ਇਸ ਨਵੇਂ ਵੇਪਰ ਚੈਂਬਰ ਦਾ ਸਰਫੇਸ ਏਰੀਆ iPhone 17 Pro ਨਾਲੋਂ 3 ਗੁਣਾ ਵੱਡਾ ਹੈ, ਜਿਸ ਵਿੱਚ ਡੀਆਇਨਾਇਜ਼ਡ ਪਾਣੀ ਲਗਾਤਾਰ ਘੁੰਮਦਾ ਰਹਿੰਦਾ ਹੈ। ਇਹ ਤਕਨੀਕ ਅੰਦਰੂਨੀ ਗਰਮੀ ਨੂੰ ਤੇਜ਼ੀ ਨਾਲ ਬਾਹਰ ਕੱਢ ਕੇ ਫੋਨ ਨੂੰ ਬਿਨਾਂ ਕਿਸੇ ਰੁਕਾਵਟ ਦੇ ਠੰਡਾ ਅਤੇ ਸਮੂਥ ਰੱਖਣ ਵਿੱਚ ਮਦਦ ਕਰਦੀ ਹੈ।

ਫੋਟੋਗ੍ਰਾਫੀ ਲਈ ਪ੍ਰੋ ਮਾਡਲਾਂ ਵਿੱਚ 6 ਪਤਲੇ ਬਲੇਡਾਂ ਵਾਲਾ ਵੇਰੀਏਬਲ-ਅਪਰਚਰ ਸਿਸਟਮ ਦਿੱਤਾ ਗਿਆ ਹੈ, ਜੋ 48 ਮੈਗਾਪਿਕਸਲ ਮੇਨ ਕੈਮਰੇ ਨਾਲ ਵੱਖ-ਵੱਖ ਰੋਸ਼ਨੀ ਵਿੱਚ ਬਿਹਤਰ ਤਸਵੀਰਾਂ ਲੈਂਦਾ ਹੈ। ਵੀਡੀਓ ਰਿਕਾਰਡਿੰਗ ਲਈ 4K ਡਾਲਬੀ ਵਿਜ਼ਨ HDR ਸਪੋਰਟ ਵੀ ਮਿਲੇਗੀ। ਇਸ ਤੋਂ ਇਲਾਵਾ, iOS 27 ਨਾਲ ਸਕ੍ਰੀਨ 'ਤੇ ਮੌਜੂਦ ਕੰਟੈਂਟ ਨੂੰ ਸਮਝਣ ਵਾਲਾ ਨਵਾਂ Siri AI ਅਨੁਭਵ ਅਤੇ ਇੱਕੋ eSIM ਨੂੰ ਦੋ ਵੱਖ-ਵੱਖ ਆਈਫੋਨਾਂ ਵਿਚਕਾਰ ਆਸਾਨੀ ਨਾਲ ਬਦਲਣ ਵਾਲਾ ਹੈਂਡਓਫ ਫੀਚਰ ਵੀ ਜੋੜਿਆ ਗਿਆ ਹੈ।

ਐਪਲ ਵੱਲੋਂ iPhone 18 Pro ਦੀ ਸ਼ੁਰੂਆਤੀ ਕੀਮਤ 1,199 ਡਾਲਰ (ਭਾਰਤੀ ਕਰੰਸੀ ਅਨੁਸਾਰ ਲਗਭਗ 1,14,000 ਰੁਪਏ) ਅਤੇ iPhone 18 Pro Max ਦੀ ਸ਼ੁਰੂਆਤੀ ਕੀਮਤ 1,299 ਡਾਲਰ (ਲਗਭਗ 1,23,500 ਰੁਪਏ) ਰੱਖੀ ਗਈ ਹੈ।


author

Inder Prajapati

Content Editor

Related News