23,24,25,26 ਜੂਨ ਤੱਕ ਪਵੇਗਾ ਮੋਹਲੇਧਾਰ ਮੀਂਹ, IMD ਦਾ ਅਲਰਟ
Monday, Jun 23, 2025 - 10:57 AM (IST)

ਨੈਸ਼ਨਲ ਡੈਸਕ- ਭਾਰਤ ਦੇ ਕਈ ਹਿੱਸਿਆਂ ਵਿਚ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਹੁਣ ਮੀਂਹ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 23 ਤੋਂ 26 ਜੂਨ ਤੱਕ ਉੱਤਰੀ-ਪੱਛਮੀ ਭਾਰਤ, ਮੱਧ ਪ੍ਰਦੇਸ਼, ਗੁਜਰਾਤ ਅਤੇ ਕੋਂਕਣ ਤੇ ਗੋਆ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਕਿੱਥੇ-ਕਿੱਥੇ ਅਲਰਟ?
ਉੱਤਰੀ-ਪੱਛਮੀ ਭਾਰਤ ਵਿਚ ਮੀਂਹ- ਜੰਮੂ-ਕਸ਼ਮੀਰ, ਲੱਦਾਖ, ਮੁਜ਼ੱਫ਼ਰਾਬਾਦ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਅਤੇ ਪੱਛਮੀ ਰਾਜਸਥਾਨ ਦੇ ਇਨ੍ਹਾਂ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਤੱਕ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।
ਪੂਰਬੀ-ਉੱਤਰੀ ਭਾਰਤ 'ਚ ਪਵੇਗਾ ਮੀਂਹ
ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ-ਉੱਤਰੀ ਭਾਰਤ ਵਿਚ ਅਗਲੇ ਤਿੰਨ ਤੱਕ ਮੋਹਲੇਧਾਰ ਮੀਂਹ ਪਵੇਗਾ। ਇਸ ਤੋਂ ਬਾਅਦ ਅਗਲੇ ਚਾਰ ਦਿਨ ਤੱਕ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।
ਤੇਜ਼ੀ ਨਾਲ ਵੱਧ ਰਿਹੈ ਮਾਨਸੂਨ
ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਅਗਲੇ ਦੋ ਦਿਨਾਂ ਵਿਚ ਇਹ ਉੱਤਰ ਅਰਬ ਸਾਗਰ ਅਤੇ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਵਿਚ ਵੀ ਪਹੁੰਚ ਸਕਦਾ ਹੈ।
ਕਿੱਥੇ-ਕਿੱਥੇ ਪਹੁੰਚ ਚੁੱਕਾ ਹੈ ਮਾਨਸੂਨ?
ਮਾਨਸੂਨ ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਪਹੁੰਚ ਚੁੱਕਾ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਸਾਫ ਕੀਤਾ ਹੈ ਕਿ ਦੇਸ਼ ਭਰ ਵਿਚ ਤਾਪਮਾਨ ਵਿਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।
ਤੇਜ਼ ਹਵਾਵਾਂ ਦੀ ਸੰਭਾਵਨਾ
ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ 26 ਜੂਨ ਤੱਕ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਖ਼ਦਸ਼ਾ ਜਤਾਇਆ ਗਿਆ ਹੈ।