ਹਿਮਾਚਲ ’ਚ ਭਾਰੀ ਮੀਂਹ ਨਾਲ 6 ਲੋਕਾਂ ਦੀ ਮੌਤ

Thursday, Aug 14, 2025 - 11:34 PM (IST)

ਹਿਮਾਚਲ ’ਚ ਭਾਰੀ ਮੀਂਹ ਨਾਲ 6 ਲੋਕਾਂ ਦੀ ਮੌਤ

ਸ਼ਿਮਲਾ, (ਸੰਤੋਸ਼)- ਸੂਬੇ ’ਚ ਭਾਰੀ ਮੀਂਹ ਨੇ ਹੁਣ ਹਾਹਾਕਾਰ ਮਚਾ ਦਿੱਤੀ ਹੈ। ਮੀਂਹ ਕਾਰਨ ਵੀਰਵਾਰ ਨੂੰ ਸੂਬੇ ’ਚ ਇਕ ਮੁਟਿਆਰ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਚੰਬਾ ’ਚ ਸ਼੍ਰੀਖੰਡ ਯਾਤਰਾ ’ਤੇ ਗਏ ਜੰਮੂ-ਕਸ਼ਮੀਰ ਦੇ ਡੋਡਾ ਨਿਵਾਸੀ ਸ਼ਰਧਾਲੂ ਦਵਿੰਦਰ ਸਿੰਘ ਦੀ ਪਹਾੜ ਤੋਂ ਪੱਥਰ ਡਿੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਸ਼ਿਮਲਾ ਜ਼ਿਲੇ ਦੇ ਰਾਮਪੁਰ ’ਚ ਖੋਲਟੀ ਨਾਲੇ ਕੋਲ ਪਹਾੜ ਤੋਂ ਪੱਥਰ ਡਿੱਗਣ ਨਾਲ ਤਕਲੇਚ ਨਿਵਾਸੀ ਮੁਟਿਆਰ ਮੀਰਾ (20) ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਸੋਲਨ, ਕਾਂਗੜਾ, ਕੁੱਲੂ ਅਤੇ ਲਾਹੌਲ-ਸਪਿਤੀ ’ਚ ਵੀ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਵੀਰਵਾਰ ਸਵੇਰੇ ਸ਼ਿਮਲਾ ਜ਼ਿਲੇ ਦੇ ਕੋਟਖਾਈ ’ਚ ਖਲਟੂਨਾਲਾ ਦੇ ਪਿੱਛੇ ਪਹਾੜਾਂ ’ਚ ਬੱਦਲ ਫਟਣ ਨਾਲ ਮਲਬਾ ਆ ਗਿਆ, ਜਿਸ ਹੇਠ ਪੈਟਰੋਲ ਪੰਪ ਅਤੇ ਕਈ ਵਾਹਨ ਦੱਬੇ ਗਏ। ਭਾਰੀ ਮੀਂਹ ਕਾਰਨ ਵੀਰਵਾਰ ਨੂੰ ਊਨਾ ਜ਼ਿਲਾ, ਕੁੱਲੂ ਦੇ ਬੰਜਾਰ, ਸ਼ਿਮਲਾ ਦੇ ਜੁੱਬਲ ਅਤੇ ਮੰਡੀ ਦੀ ਥੁਨਾਗ ਸਬ-ਡਵੀਜ਼ਨ ਦੇ ਸਿੱਖਿਆ ਅਦਾਰੇ ਵੀ ਬੰਦ ਰਹੇ।

ਕਿੰਨੌਰ ਦੇ ਪੂਹ ’ਚ ਬੁੱਧਵਾਰ ਸ਼ਾਮ ਬੱਦਲ ਫਟਣ ਨਾਲ ਸਤਲੁਜ ’ਚ ਪਾਣੀ ਦਾ ਪੱਧਰ ਵਧ ਗਿਆ। ਇਸ ਦਾ ਸਭ ਤੋਂ ਵੱਧ ਪ੍ਰਭਾਵ ਸ਼ਿਮਲਾ ਅਤੇ ਕੁੱਲੂ ਜ਼ਿਲਿਆਂ ’ਚ ਦੇਖਣ ਨੂੰ ਮਿਲਿਆ। ਓਧਰ, ਊਨਾ ਜ਼ਿਲੇ ’ਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ।


author

Rakesh

Content Editor

Related News