ਮੌਸਮ ਵਿਭਾਗ ਦੀ ਭਵਿੱਖਬਾਣੀ, ਪੂਰਬੀ ਭਾਰਤ ''ਚ ਮਈ ਮਹੀਨੇ ਲੂ ਚੱਲਣ ਦੀ ਸੰਭਾਵਨਾ, ਸਤਾਏਗੀ ਗਰਮੀ

04/29/2023 12:31:00 PM

ਨਵੀਂ ਦਿੱਲੀ- ਬਿਹਾਰ, ਝਾਰਖੰਡ ਅਤੇ ਓਡੀਸ਼ਾ ਸਮੇਤ ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਮਈ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਉਮੀਦ ਹੈ ਅਤੇ ਕੁਝ ਦਿਨਾਂ ਤੱਕ ਲੂ ਚੱਲਣ ਦਾ ਪੂਰਵ ਅਨੁਮਾਨ ਹੈ। ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। IMD ਨੇ ਮਈ ਲਈ ਆਪਣੇ ਮਹੀਨੇਵਾਰ ਤਾਪਮਾਨ ਅਤੇ ਮੀਂਹ ਪੈਣ ਦੀ ਭਵਿੱਖਬਾਣੀ 'ਚ ਕਿਹਾ ਹੈ ਕਿ ਉੱਤਰ-ਪੱਛਮੀ ਅਤੇ ਪੱਛਮੀ-ਮੱਧ ਭਾਰਤ ਦੇ ਕੁਝ ਹਿੱਸਿਆਂ 'ਚ ਰਾਤ ਦੇ ਸਮੇਂ ਮੌਸਮ ਗਰਮ ਰਹਿਣ ਅਤੇ ਦਿਨ ਵਿਚ ਆਮ ਨਾਲੋਂ ਤਾਪਮਾਨ ਘੱਟ ਰਹਿਣ ਦੀ ਸੰਭਾਵਨਾ ਹੈ। 

ਵਿਭਾਗ ਨੇ ਕਿਹਾ ਕਿ ਮਈ 'ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਸਮੇਤ ਦੇਸ਼ ਦੇ ਉੱਤਰ-ਪੱਛਮੀ ਅਤੇ ਪੱਛਮੀ-ਕੇਂਦਰੀ ਹਿੱਸਿਆਂ 'ਚ ਆਮ ਜਾਂ ਇਸ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਖੇਤਰ, ਕੇਰਲ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਕਰਨਾਟਕ ਦੇ ਕਈ ਹਿੱਸਿਆਂ 'ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। IMD ਮੁਤਾਬਕ ਮਈ ਵਿਚ 61.4 ਮਿਲੀਮੀਟਰ ਦੀ ਲੰਮੀ ਮਿਆਦ ਦੀ ਔਸਤ (LAP) ਦਾ 91-109 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।

ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਮਈ ਮਹੀਨੇ 'ਚ ਬਿਹਾਰ, ਝਾਰਖੰਡ, ਓਡੀਸ਼ਾ, ਗੰਗਾ ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਉੱਤਰੀ ਛੱਤੀਸਗੜ੍ਹ ਦੇ ਕੁਝ ਹਿੱਸੇ ਅਤੇ ਪੂਰਬੀ ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਤੱਟੀ ਗੁਜਰਾਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਨਾਲੋਂ ਗਰਮ ਹਵਾਵਾਂ ਚੱਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭੂਮੱਧ ਪ੍ਰਸ਼ਾਂਤ 'ਚ ਮੌਜੂਦ ਨਿਰਪੱਖ ਅਲ ਨੀਨੋ ਪ੍ਰਭਾਵ ਮਈ ਵਿਚ ਜਾਰੀ ਰਹਿਣ ਦੀ ਸੰਭਾਵਨਾ ਹੈ।

ਕਿਹਾ ਜਾਂਦਾ ਹੈ ਕਿ ਐਲ ਨੀਨੋ ਜਾਂ ਭੂਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਨਾਲ ਭਾਰਤ ਵਿਚ ਮਾਨਸੂਨ ਦਾ ਮੀਂਹ 'ਤੇ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਹਿੰਦ ਮਹਾਸਾਗਰ ਵਿਚ ਸਮੁੰਦਰੀ ਸਤ੍ਹਾ ਦਾ ਤਾਪਮਾਨ (ਜਿਸ ਨੂੰ ਇੰਡੀਅਨ ਓਸ਼ੀਅਨ ਡਾਈਪੋਲ (IOD) ਵੀ ਕਿਹਾ ਜਾਂਦਾ ਹੈ) ਵਰਗੇ ਹੋਰ ਕਾਰਕ ਵੀ ਮੌਸਮ ਨੂੰ ਪ੍ਰਭਾਵਿਤ ਕਰਨ ਲਈ ਜਾਣੇ ਜਾਂਦੇ ਹਨ।
 


Tanu

Content Editor

Related News