ਉੱਤਰ ਭਾਰਤ ''ਚ ਲੂ ਦਾ ਕਹਿਰ, ਦਿੱਲੀ ''ਚ ਗਰਮੀ ਨੇ ਤੋੜ੍ਹਿਆ 18 ਸਾਲ ਦਾ ਰਿਕਾਰਡ

05/27/2020 10:47:46 AM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ-ਐੱਨ.ਸੀ.ਆਰ ਸਮੇਤ ਪੂਰਾ ਉੱਤਰ ਭਾਰਤ ਇਨਾਂ ਦਿਨਾਂ ਦੌਰਾਨ ਅੱਤ ਦੀ ਗਰਮੀ ਤੋਂ ਪਰੇਸ਼ਾਨ ਹੈ, ਜਿੱਥੇ ਦਿੱਲੀ 'ਚ ਗਰਮੀ ਨੇ 18 ਸਾਲ ਦਾ ਰਿਕਾਰਡ ਤੋੜ੍ਹਿਆ ਹੈ, ਉੱਥੇ ਰਾਜਸਥਾਨ ਦੇ ਚੁਰੂ 'ਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਦੇ ਦੂਜੇ ਹਫਤੇ ਦੇ ਖਤਮ ਹੁੰਦਿਆਂ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਦਿੱਲੀ ਦੇ ਸਫਦਰਗੰਜ ਵੇਧਸ਼ਾਲਾ 'ਚ 18 ਸਾਲ ਤੋਂ ਬਾਅਦ ਮੰਗਲਵਾਰ ਨੂੰ ਮਈ ਮਹੀਨੇ ਦੌਰਾਨ ਸਭ ਤੋਂ ਜ਼ਿਆਦਾ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਦੱਸਣਯੋਗ ਹੈ ਕਿ ਦਿੱਲੀ ਦੇ ਲੋਕ ਕੜਕਦੀ ਧੁੱਪ ਅਤੇ ਲੂ ਦਾ ਸਾਹਮਣਾ ਕਰ ਰਹੇ ਹਨ ਅਤੇ ਰਾਸ਼ਟਰੀ ਰਾਜਧਾਨੀ ਦੇ ਜ਼ਿਆਦਾਤਰ ਸਥਾਨਾਂ 'ਤੇ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 6 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਲਮ ਇਲਾਕੇ 'ਚ ਤਾਪਮਾਨ 47.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਦਿੱਲੀ 'ਚ ਗਰਮੀ ਦੇ ਟੁੱਟੇ ਰਿਕਾਰਡ-
ਖੇਤਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਆਖਰੀ ਵਾਰ ਸਫਦਰਗੰਜ 'ਚ 46 ਡਿਗਰੀ ਵੱਧ ਤੋਂ ਵੱਧ ਤਾਪਮਾਨ 19 ਮਈ 2002 ਨੂੰ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸਫਦਰਗੰਜ ਵੇਧਸ਼ਾਲਾ 'ਚ ਸਭ ਤੋਂ ਜ਼ਿਆਦਾ ਤਾਪਮਾਨ 29 ਮਈ 1944 ਨੂੰ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸ਼੍ਰੀਵਾਸਤਵ ਨੇ ਦੱਸਿਆ ਕਿ ਹਾਲਾਂਕਿ ਪਾਲਮ ਵੇਧਸ਼ਾਲਾ 'ਚ ਪਿਛਲੀ ਵਾਰ ਸਭ ਤੋਂ ਜ਼ਿਆਦਾ ਤਾਪਮਾਨ 47.6 ਡਿਗਰੀ 18 ਮਈ 2010 ਨੂੰ ਦਰਜ ਕੀਤਾ ਗਿਆ ਸੀ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ) ਮੁਤਾਬਕ ਵੱਡੇ ਇਲਾਕਿਆਂ 'ਚ ਲਗਾਤਾਰ ਦੋ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਹੋਣ 'ਤੇ ਲੂ ਦਾ ਐਲਾਨ ਕੀਤਾ ਜਾਂਦਾ ਹੈ ਜਦਕਿ ਤਾਪਮਾਨ 47 ਡਿਗਰੀ ਹੋਣ 'ਤੇ ਪ੍ਰਚੁੰਡ ਲੂ ਦਾ ਐਲਾਨ ਕੀਤਾ ਜਾਂਦਾ ਹੈ।

ਰਾਜਸਥਾਨ 'ਚ ਅੱਤ ਦੀ ਗਰਮੀ-
ਰਾਜਸਥਾਨ ਦੇ ਸਾਰੇ ਇਲਾਕਿਆਂ 'ਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਲੂ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਮੰਗਲਵਾਰ ਨੂੰ ਚੁਰੂ 'ਚ ਤਾਪਮਾਨ 50.0 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਚੁਰੂ 'ਚ ਮੰਗਲਵਾਰ ਨੂੰ ਤਾਪਮਾਨ ਸਭ ਤੋਂ ਜ਼ਿਆਦਾ ਦਰਜ ਕੀਤਾ ਗਿਆ। ਇਸ ਦੇ ਨਾਲ ਵੱਧ ਤੋਂ ਵੱਧ ਤਾਪਮਾਨ 50.0 ਡਿਗਰੀ ਸੈਲਸੀਅਸ ਰਿਹਾ ਹੈ, ਜੋ ਪਿਛਲੇ 10 ਸਾਲਾ ਦੌਰਾਨ ਮਈ ਮਹੀਨੇ 'ਚ ਦੂਜੀ ਵਾਰ ਜਿਆਦਾ ਤਾਪਮਾਨ ਹੈ। ਇਸ ਤੋਂ ਪਹਿਲਾਂ ਸਾਲ 2016 'ਚ 19 ਮਈ ਨੂੰ ਚੁਰੂ 'ਚ ਤਾਪਮਾਨ 50.2 ਡਿਗਰੀ ਤੱਕ ਪਹੁੰਚ ਗਿਆ ਸੀ। ਸੂਬੇ ਦੇ ਬਾਕੀ ਹਿੱਸਿਆਂ 'ਚ ਵੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। 

28 ਮਈ ਨੂੰ ਮਿਲ ਸਕਦੀ ਹੈ ਥੋੜ੍ਹੀ ਰਾਹਤ-
ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੱਛਮੀ ਗੜਬੜੀ ਅਤੇ ਪੂਰਬੀ ਹਵਾਵਾਂ ਦੇ ਕਾਰਨ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਧੂੜ ਭਰੀ ਹਨ੍ਹੇਰੀ ਚੱਲਣ ਅਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਇੱਥੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।


Iqbalkaur

Content Editor

Related News