ਗਰਮੀ ਕੱਢੇਗੀ ਵੱਟ! IMD ਵਲੋਂ ਲੂ ਅਤੇ ਹੀਟ ਵੇਵ ਦਾ ਅਲਰਟ

Saturday, Apr 05, 2025 - 11:14 AM (IST)

ਗਰਮੀ ਕੱਢੇਗੀ ਵੱਟ! IMD ਵਲੋਂ ਲੂ ਅਤੇ ਹੀਟ ਵੇਵ ਦਾ ਅਲਰਟ

ਨੈਸ਼ਨਲ ਡੈਸਕ- ਦੇਸ਼ ਦੇ ਉੱਤਰੀ-ਪੱਛਮੀ ਸੂਬਿਆਂ 'ਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਅਤੇ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 6 ਦਿਨਾਂ ਤੱਕ ਕਈ ਸੂਬਿਆਂ 'ਚ ਭਿਆਨਕ ਗਰਮੀ ਅਤੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। 10 ਅਪ੍ਰੈਲ ਤੱਕ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਗੁਜਰਾਤ, ਕੋਂਕਣ ਅਤੇ ਗੋਆ 'ਚ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਫਿਲਹਾਲ ਇਨ੍ਹਾਂ ਇਲਾਕਿਆਂ 'ਚ ਲੂ ਅਤੇ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ। ਉੱਥੇ ਹੀ ਦੱਖਣੀ ਅਤੇ ਪੂਰਬੀ ਉੱਤਰ ਭਾਰਤ ਵਿਚ ਹਨ੍ਹੇਰੀ ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਸੂਬਿਆਂ 'ਚ ਮੌਸਮ ਦੀ ਮਾਰ ਤੋਂ ਰਾਹਤ ਮਿਲ ਸਕਦੀ ਹੈ।

ਦਿੱਲੀ 'ਚ ਭਿਆਨਕ ਗਰਮੀ ਦੀ ਸ਼ੁਰੂਆਤ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4.4 ਡਿਗਰੀ ਵੱਧ ਸੀ। ਅੱਜ 5 ਅਪ੍ਰੈਲ ਨੂੰ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਤੱਕ ਦਿੱਲੀ 'ਚ ਹੀਟ ਵੇਵ ਦੀ ਚਿਤਾਵਨੀ ਦਿੱਤੀ ਹੈ। ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। IMD ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਦਿੱਲੀ ਵਿਚ ਆਮ ਨਾਲੋਂ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ।

ਮੌਸਮ ਦੀ ਸਥਿਤੀ ਅਤੇ ਭਵਿੱਖਬਾਣੀ

ਮੌਸਮ ਵਿਭਾਗ ਮੁਤਾਬਕ ਇਨ੍ਹੀਂ ਦਿਨੀਂ ਉਪਰਲੀ ਹਵਾ 'ਚ ਚੱਕਰਵਾਤੀ ਘੇਰਿਆਂ ਦੀ ਸਰਗਰਮੀ ਕਾਰਨ ਪੂਰੇ ਭਾਰਤ 'ਚ ਮੌਸਮ ਦਾ ਅਸਰ ਦੇਖਿਆ ਜਾ ਸਕਦਾ ਹੈ। ਦੋ ਵੱਡੇ ਚੱਕਰਵਾਤੀ ਚੱਕਰ ਦੱਖਣੀ-ਪੱਛਮੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਉੱਤੇ ਹਨ, ਜਦੋਂ ਕਿ ਕੁਝ ਮੌਸਮ ਪ੍ਰਣਾਲੀ ਤਾਮਿਲਨਾਡੂ ਅਤੇ ਅੰਡੇਮਾਨ ਸਾਗਰ ਉੱਤੇ ਵੀ ਸਰਗਰਮ ਹਨ। ਇਨ੍ਹਾਂ ਪ੍ਰਣਾਲੀਆਂ ਕਾਰਨ ਦੇਸ਼ ਭਰ ਵਿਚ ਗਰਜ, ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਕਿੱਥੇ-ਕਿੱਥੇ ਪਵੇਗੀ ਗਰਮੀ?

ਮੌਸਮ ਵਿਭਾਗ ਮੁਤਾਬਕ 9 ਅਪ੍ਰੈਲ ਤੱਕ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ 'ਚ ਤੇਜ਼ ਗਰਮੀ ਦੀ ਸੰਭਾਵਨਾ ਹੈ। ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਕੋਂਕਣ ਅਤੇ ਗੋਆ 'ਚ ਤਾਪਮਾਨ ਲਗਾਤਾਰ ਵਧਦਾ ਰਹੇਗਾ, ਜਿਸ ਕਾਰਨ ਗਰਮੀ ਅਤੇ ਨਮੀ ਦਾ ਅਸਰ ਦੇਖਣ ਨੂੰ ਮਿਲੇਗਾ।


author

Tanu

Content Editor

Related News