ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖੋਲ੍ਹਿਆ ਜਾਏਗਾ ਦਿਲ ਦੇ ਰੋਗਾਂ ਦਾ ਯੂਨਿਟ : DSGMC
Tuesday, Oct 04, 2022 - 05:22 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਿਕ੍ਰਿਸ਼ਨ ਇਲਾਜ ਕੇਂਦਰ 'ਚ ਨਵੰਬਰ ਮਹੀਨੇ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਗਰੀਬ ਮਰੀਜ਼ਾਂ ਲਈ ਕਾਰਡੀਓ ਯੂਨਿਟ ਚਲਾਉਣ ਦਾ ਫੈਸਲਾ ਕੀਤਾ ਹੈ। ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਕ ਬਿਆਨ 'ਚ ਕਿਹਾ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਲੋੜੀਂਦੇ ਉਪਕਰਣ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਡੀਓ ਯੂਨਿਟ ਵਿੱਚ ਦਿੱਲੀ ਦੇ ਉੱਘੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਕਾਰਡੀਓਲੋਜਿਸਟ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰਨਗੇ। ਇਸ ਇਲਾਜ ਕੇਂਦਰ ਵਿੱਚ ਮਰੀਜ਼ਾਂ ਤੋਂ ਕੋਈ ਵੀ ਸਲਾਹ-ਮਸ਼ਵਰਾ ਫੀਸ ਨਹੀਂ ਲਈ ਜਾਵੇਗੀ। ਸਾਰੇ ਡਾਇਗਨੌਸਟਿਕ ਟੈਸਟ ਸਸਤੇ ਕੀਤੇ ਜਾਣਗੇ।
ਕਾਲਕਾ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਡੀ.ਐੱਸ.ਜੀ.ਐੱਮ.ਸੀ. ਵੱਲੋਂ ਇਸ ਇਲਾਜ ਕੇਂਦਰ ’ਤੇ ਪੂਰੇ ਦੇਸ਼ ’ਚ ਸਸਤੇ ਰੇਟਾਂ 'ਤੇ ਵੱਖ-ਵੱਖ ਟੈਸਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਵਿੱਚ 8 ਕਰੋੜ ਰੁਪਏ ਦੀ ਲਾਗਤ ਨਾਲ ਡਾਇਲਸਿਸ, ਅਲਟਰਾਸਾਊਂਡ, ਐਕਸਰੇ , ਐੱਮ.ਆਰ.ਆਈ ਅਤੇ ਸੀ.ਟੀ. ਸਕੈਨ ਮਸ਼ੀਨਾਂ ਲਾਈਆਂ ਗਈਆਂ ਹਨ। ਪਿਛਲੇ ਦੋ ਸਾਲਾਂ 'ਚ 25,000 ਮਰੀਜ਼ਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਡੀ.ਐਸ.ਜੀ.ਐਮ.ਸੀ. ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਇਲਾਜ ਕੇਂਦਰ 'ਚ ਮੁੱਖ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਮਰੀਜ਼ ਆਉਂਦੇ ਹਨ। ਇਸ ਸਮੇਂ ਰੋਜ਼ਾਨਾ 400 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੇਂਦਰ 'ਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਲਈ 2 ਮਹੀਨੇ ਪਹਿਲਾਂ 45 ਲੱਖ ਰੁਪਏ ਦੀ ਲਾਗਤ ਵਾਲੀ ਅਤਿ-ਆਧੁਨਿਕ ਮਸ਼ੀਨ ਲਾਈ ਗਈ ਹੈ। ਸਿਰਫ਼ 800 ਰੁਪਏ 'ਚ ਇਹ ਸਹੂਲਤ ਦਿੱਤੀ ਜਾ ਰਹੀ ਹੈ।