ਜਾਧਵ ਲਈ ਵਕੀਲ ਦੀ ਨਿਯੁਕਤੀ ''ਤੇ ਇਸਲਾਮਾਬਾਦ ਹਾਈ ਕੋਰਟ ''ਚ ਸੁਣਵਾਈ 6 ਅਕਤੂਬਰ ਨੂੰ
Thursday, Oct 01, 2020 - 09:43 PM (IST)
ਨਵੀਂ ਦਿੱਲੀ - ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ 'ਚ ਡਿਫੈਂਸ ਕੌਂਸਲ ਦੀ ਨਿਯੁਕਤੀ ਨੂੰ ਲੈ ਕੇ ਇਸਲਾਮਾਬਾਦ ਹਾਈ ਕੋਰਟ 6 ਅਕਤੂਬਰ ਨੂੰ ਸੁਣਵਾਈ ਕਰੇਗਾ। ਵੀਰਵਾਰ ਨੂੰ ਪਾਕਿਸਤਾਨ ਦੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਨੇ 22 ਜੁਲਾਈ ਨੂੰ ਇਸਲਾਮਾਬਾਦ ਹਾਈ ਕੋਰਟ 'ਚ ਮੰਗ ਦਰਜ ਕਰ ਜਾਧਵ ਲਈ ਕਾਨੂੰਨੀ ਨੁਮਾਇੰਦੇ ਦੀ ਨਿਯੁਕਤ ਕਰਨ ਦੀ ਮੰਗ ਕੀਤੀ ਸੀ। ਜਿਸ 'ਤੇ ਕੋਰਟ 'ਚ ਸੁਣਵਾਈ ਚੱਲ ਰਹੀ ਹੈ।
ਇਸਲਾਮਾਬਾਦ ਹਾਈ ਕੋਰਟ ਨੇ ਇਸ ਮਾਮਲੇ 'ਚ 3 ਸਤੰਬਰ ਨੂੰ ਹੋਈ ਸੁਣਵਾਈ 'ਚ ਪਾਕਿ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਭਾਰਤ ਨੂੰ ਜਾਧਵ ਦੀ ਨੁਮਾਇੰਦਗੀ ਕਰਨ ਲਈ ਵਕੀਲ ਨਿਯੁਕਤ ਕਰਨ ਦਾ ਇੱਕ ਹੋਰ ਮੌਕਾ ਦੇਣ। ਉਥੇ ਹੀ, ਪਾਕਿ ਸਰਕਾਰ ਵਲੋਂ ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਅਦਾਲਤ ਨੂੰ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਪਾਕਿਸਤਾਨ ਨੇ ਭਾਰਤ ਨੂੰ ਕੌਂਸਲਰ ਦਿੱਤਾ ਗਿਆ ਪਰ ਭਾਰਤ ਨੇ ਜਾਧਵ ਲਈ ਵਕੀਲ ਨਿਯੁਕਤ ਕਰਨ ਦੇ ਪਾਕਿਸਤਾਨ ਦੇ ਪ੍ਰਸਤਾਵ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ।
ਭਾਰਤੀ ਨੇਵੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ 'ਚ ਅਪ੍ਰੈਲ 2017 'ਚ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਭਾਰਤ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) 'ਚ ਲੈ ਗਿਆ ਸੀ। ਆਈ.ਸੀ.ਜੇ. ਨੇ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ ਮੁੜ ਵਿਚਾਰ ਅਤੇ ਇਸ ਮਾਮਲੇ 'ਚ ਭਾਰਤ ਨੂੰ ਕੂਟਨੀਤਕ ਪਹੁੰਚ ਪ੍ਰਦਾਨ ਕਰਨ ਨੂੰ ਕਿਹਾ ਸੀ।