ਜੇਤਲੀ ਦੀ ਪਟੀਸ਼ਨ ''ਤੇ ਹਾਈ ਕੋਰਟ ਨੇ ਕੇਜਰੀਵਾਲ ਤੋਂ ਮੰਗਿਆ ਜਵਾਬ

08/23/2017 1:34:30 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਕਥਿਤ ਤੌਰ 'ਤੇ ਝੂਠਾ ਹਲਫਨਾਮਾ ਦਾਇਰ ਕਰਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਾਰਵਾਈ ਲਈ ਵਿੱਤ ਮੰਤਰੀ ਅਰੁਣ ਜੇਤਲੀ ਦੀ ਨਵੀਂ ਅਰਜ਼ੀ 'ਤੇ ਦਿੱਲੀ ਦੇ ਮੁੱਖ ਮੰਤਰੀ ਤੋਂ ਬੁੱਧਵਾਰ ਨੂੰ ਜਵਾਬ ਮੰਗਿਆ। ਦੋਸ਼ ਹੈ ਕਿ ਹਲਫਨਾਮੇ 'ਚ ਕੇਜਰੀਵਾਲ ਨੇ ਗਲਤ ਬਿਆਨੀ ਕੀਤੀ ਕਿ ਉਨ੍ਹਾਂ ਨੇ ਪਹਿਲਾਂ ਤੋਂ ਚੱਲ ਰਹੇ ਮਾਣਹਾਨੀ ਦੇ ਮਾਮਲੇ 'ਚ ਆਪਣੇ ਵਕੀਲ ਨੂੰ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਕਿਹਾ ਸੀ।
ਜਸਟਿਸ ਮਨਮੋਹਨ ਨੇ ਇਸ ਸੰਬੰਧ 'ਚ ਕੇਜਰੀਵਾਲ ਨੂੰ ਨੋਟਿਸ ਜਾਰੀ ਕਰ ਕੇ 4 ਹਫਤਿਆਂ 'ਚ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਤੈਅ ਕੀਤੀ ਹੈ। ਜੇਤਲੀ ਨੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਦੇ ਖਿਲਾਫ 10 ਕਰੋੜ ਰੁਪਏ ਦੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਆਪਣੇ ਇਕ ਨਵੀਂ ਅਰਜ਼ੀ 'ਚ ਕਿਹਾ ਹੈ ਕਿ ਕੇਜਰੀਵਾਲ ਨੇ ਜਵਾਬ 'ਚ ਇਸ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਸੀਨੀਅਰ ਵਕੀਲ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦੇ ਸਾਬਕਾ ਵਕੀਲ ਰਾਮ ਜੇਠਮਲਾਨੀ ਨੇ 2 ਦਿਨਾਂ ਬਾਅਦ ਹੀ ਇਸ ਦਾ ਖੰਡਨ ਕਰ ਦਿੱਤਾ ਸੀ। ਜੇਤਲੀ ਵੱਲੋਂ ਸੀਨੀਅਰ ਐਡਵੋਕੇਟ ਰਾਜੀਵ ਨਾਇਰ ਅਤੇ ਸੰਦੀਪ ਸੇਠੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਗਲਤ ਬਿਆਨੀ ਅਤੇ ਹਲਫਨਾਮੇ 'ਚ ਗਲਤ ਜਾਣਕਾਰੀ ਦੇਣ ਕਾਰਨ ਕੇਜਰੀਵਾਲ ਦੇ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।


Related News