ਆਕਸੀਜਨ ਦੀ ਘਾਟ ਕਾਰਨ ਹਿਸਾਰ ਦੇ ਨਿੱਜੀ ਹਸਪਤਾਲ 'ਚ 5 ਕੋਰੋਨਾ ਰੋਗੀਆਂ ਦੀ ਮੌਤ
Monday, Apr 26, 2021 - 03:22 PM (IST)
ਹਿਸਾਰ- ਹਰਿਆਣਾ ਦੇ ਹਿਸਾਰ 'ਚ ਇਕ ਨਿੱਜੀ ਹਸਪਤਾਲ 'ਚ 5 ਕੋਰੋਨਾ ਰੋਗੀਆਂ ਦੀ ਸੋਮਵਾਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਸੰਬੰਧੀ ਹਸਪਤਾਲ 'ਚ ਮੈਡੀਕਲ ਆਕਸੀਜਨ ਦੀ ਘਾਟ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਦੱਸ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਪੁਲਸ ਨੇ ਕਿਹਾ ਕਿ ਉਹ ਆਕਸੀਜਨ ਦੀ ਘਾਟ ਦੇ ਦੋਸ਼ਾਂ ਦੀ ਜਾਂਚ ਕਰੇਗੀ। ਹਸਪਤਾਲ ਪ੍ਰਸ਼ਾਸਨ ਵਲੋਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਹਸਪਤਾਲ 'ਚ ਜਾਨ ਗੁਆਉਣ ਵਾਲੇ ਤਿੰਨ ਰੋਗੀ ਹਿਸਾਰ ਦੇ ਵਾਸੀ ਸਨ, ਜਦੋਂ ਕਿ ਇਕ ਵਿਅਕਤੀ ਦਿੱਲੀ ਤੋਂ ਅਤੇ ਇਕ ਵਿਅਕਤੀ ਪੰਜਾਬ ਨਾਲ ਸੰਬੰਧ ਰੱਖਦਾ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੋਵਿਡ-19 ਨਾਲ ਮੌਤ ਦੇ ਸੰਬੰਧ 'ਚ ਸਰਕਾਰ ਵਲੋਂ ਜਾਰੀ ਨਿਯਮਾਂ ਦਾ ਪਾਲਣ ਕਰਦੇ ਹੋਏ ਇੱਥੇ ਅਗਰੋਹਾ ਮੈਡੀਕਲ ਕਾਲਜ ਭੇਜਿਆ ਹੈ।
ਇਸ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹਸਪਤਾਲ ਦੇ ਅੰਦਰ ਅਤੇ ਨੇੜੇ-ਤੇੜੇ ਪੁਲਸ ਤਾਇਨਾਤ ਹੈ। ਅਰਬਨ ਅਸਟੇਟ ਪੁਲਸ ਥਾਣੇ ਦੇ ਇੰਚਾਰਜ ਜਗਦੀਸ਼ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਕਿਸੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਵਲੋਂ ਹਸਪਤਾਲ ਦੀ ਲਾਪਰਵਾਹੀ ਦੇ ਸੰਬੰਧ 'ਚ ਰਸਮੀ ਰੂਪ ਨਾਲ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਸਾਰ ਦੇ ਮੁੱਖ ਮੈਡੀਕਲ ਅਧਿਕਾਰੀ ਪੂਰੇ ਮਾਮਲੇ ਦੀ ਜਾਂਚ ਕਰਨਗੇ। ਜ਼ਰੂਰਤ ਪਈ ਤਾਂ ਸੀ.ਐੱਮ.ਓ. ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਪੁਲਸ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਐਲਾਨ, ਦਿੱਲੀ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਲੱਗੇਗਾ ਕੋਰੋਨਾ ਟੀਕਾ