ਹਰਿਆਣਾ ਪ੍ਰਮਾਣੂ ਪਲਾਂਟ ’ਚ ਮਿੱਟੀ ਦੀ ਸਮੱਸਿਆ ਕਾਰਨ ਹੋਈ ਦੇਰੀ
Tuesday, Nov 25, 2025 - 05:00 PM (IST)
ਹਰਿਆਣਾ ਦੇ ਗੋਰਖਪੁਰ ਪ੍ਰਮਾਣੂ ਊਰਜਾ ਪਲਾਂਟ ’ਚ ਉਸਾਰੀ ਵਾਲੀ ਥਾਂ ’ਤੇ ਖਾਸ ਜ਼ਮੀਨੀ ਸੁਧਾਰ ਸਰਗਰਮੀਆਂ ਦੇ ਪੂਰਾ ਹੋਣ ਤੋਂ ਬਾਅਦ ਕੰਮ ਪੂਰੇ ਜੋਸ਼ ਨਾਲ ਮੁੜ ਸ਼ੁਰੂ ਹੋ ਜਾਵੇਗਾ। ਇਹ ਦੇਰੀ ਮੁੱਖ ਰੂਪ ’ਚ ਉਸਾਰੀ ਦੌਰਾਨ ਮਿੱਟੀ ਦੀ ਅਜੀਬ ਸਥਿਤੀ ਕਾਰਨ ਹੋਈ ਹੈ। ਖੋਦਾਈ ਦੀਆਂ ਸਰਗਰਮੀਆਂ 2018 ’ਚ ਸ਼ੁਰੂ ਹੋਈਆਂ ਸਨ। ਉਸਾਰੀ ਵਾਲੀ ਚਾਂ ’ਤੇ ਮਿੱਟੀ ਰੇਤਲੀ ਹੈ ਤੇ ਇਸ ’ਚ ਕੋਈ ਸਖ਼ਤ ਚੱਟਾਨ ਨਹੀਂ ਹੈ।
ਇਸ ਲਈ ਮਿੱਟੀ ਤੇ ਸੀਮਿੰਟ ਦੇ ਮਿਸ਼ਰਣ ਦੀ ਵਰਤੋਂ ਕਰ ਕੇ ਖੋਦਾਈ ਤੇ ਜ਼ਮੀਨੀ ਸੁਧਾਰ ਦੀ ਤਕਨੀਕਾਂ ਦੀ ਵਰਤੋਂ ਕੀਤੀ ਗਈ। ਉਸ ਤੋਂ ਬਾਅਦ ਨੀਂਹ ਦਾ ਕੰਮ ਸ਼ੁਰੂ ਹੋਇਆ। ਹਾਲਾਂਕਿ ਭੂ-ਤਕਨੀਕੀ ਜਾਂਚ ਨੇ ਮਿੱਟੀ ਦੀਆਂ ਪਰਤਾਂ ’ਚ ਕੁਝ ਕਮਜ਼ੋਰ ਖੇਤਰਾਂ ਦਾ ਸੰਕੇਤ ਦਿੱਤਾ। ਇਸ ਨੂੰ ਮੁੱਖ ਰਖਦਿਆਂ ਇਸ ਮੁੱਦੇ ਨੂੰ ਹੱਲ ਕਰਨ ਲਈ ਇਕ ਚੋਟੀ ਦੇ ਸਲਾਹਕਾਰ ਨੂੰ ਲਾਇਆ ਗਿਆ। ਉਸ ਨੇ ਵਿਆਪਕ ਜਾਂਚ ਕੀਤੀ ਤੇ ਸੁਧਾਰ ਲਈ ਸੁਝਾਅ ਦਿੱਤੇ, ਜਿਨ੍ਹਾਂ ਦੀ ਮੌਜੂਦਾ ਸਮੇ ’ਚ ਰੈਗੂਲੇਟਰੀ ਅਥਾਰਟੀ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ। ਉਪਰੋਕਤ ਪ੍ਰਕਿਰਿਆ ’ਚ ਕਾਫ਼ੀ ਸਮਾਂ ਲੱਗਾ ਜਿਸ ਨਾਲ ਪ੍ਰਮਾਣੂ ਪਲਾਂਟ ਦੀ ਉਸਾਰੀ ’ਚ ਦੇਰੀ ਹੋਈ।
ਗੋਰਖਪੁਰ ਪ੍ਰਮਾਣੂ ਊਰਜਾ ਪ੍ਰਾਜੈਕਟ ’ਚ 700 ਮੈਗਾਵਾਟ ਦੇ 2 ਯੂਨਿਟ ਹਨ। ਸਰਕਾਰ ਨੇ ਫਰਵਰੀ 2014 ’ਚ ਉਨ੍ਹਾਂ ਲਈ ਪ੍ਰਸ਼ਾਸਕੀ ਤੇ ਵਿੱਤੀ ਪ੍ਰਵਾਨਗੀ ਦਿੱਤੀ ਸੀ। ਪ੍ਰਾਜੈਕਟ ਦੀਆਂ ਕਰਗਰਮੀਆਂ ਨੂੰ ਸੁਚਾਰੂ ਬਣਾਉਣ ਲਈ ਉਪਕਰਣਾਂ ਦੀ ਪਹਿਲਾਂ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਅਨੁਸਾਰ ਪ੍ਰਮੁੱਖ ਉਪਕਰਣਾਂ ਲਈ ਆਰਡਰ ਦਿੱਤੇ ਗਏ ਹਨ ਜਿਨ੍ਹਾਂ ’ਚੋਂ ਕੁਝ ਸਾਈਟ ’ਤੇ ਪਹੁੰਚ ਗਏ ਹਨ।
ਸਾਰੇ ਪ੍ਰਮੁੱਖ ਉਪਕਰਣ ਤੇ ਕੰਮ ਦੇ ਪੈਕੇਜ ਜਿਵੇਂ ਕਿ ਮੁੱਖ ਪਲਾਂਟ ਸਿਵਲ ਵਰਕਸ, ਪ੍ਰਮਾਣੂ ਪਾਈਪਿੰਗ ਆਦਿ ਦਾ ਠੇਕਾ ਦੇ ਦਿੱਤਾ ਗਿਆ ਹੈ ਤੇ ਕੰਮ ਪ੍ਰਗਤੀ ’ਤੇ ਹੈ।
