ਕਦੇ ਕੰਨਿਆ ਭਰੂਣ ਹੱਤਿਆ ਲਈ ਮਸ਼ਹੂਰ ਹਰਿਆਣਾ ਹੁਣ ਕੁੜੀ ਦੇ ਜਨਮ 'ਤੇ ਮਨਾਉਂਦਾ ਹੈ ਜਸ਼ਨ : CM ਖੱਟੜ

03/11/2023 12:19:29 PM

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਕਦੇ ਕੰਨਿਆ ਭਰੂਣ ਹੱਤਿਆ ਲਈ ਮਸ਼ਹੂਰ ਰਿਹਾ ਇਹ ਸੂਬਾ ਹੁਣ ਹਰ ਕੁੜੀ ਦੇ ਜਨਮ 'ਤੇ ਜਸ਼ਨ ਮਨਾਉਂਦਾ ਹੈ ਅਤੇ ਅੱਜ ਪ੍ਰਦੇਸ਼ 'ਚ ਹਰੇਕ 1000 ਮੁੰਡਿਆਂ 'ਤੇ 923 ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 22 ਜਨਵਰੀ 2015 ਨੂੰ ਪਾਨੀਪਤ 'ਚ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਕਾਰਨ ਸੰਭਵ ਹੋਇਆ। ਖੱਟੜ ਨੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ 'ਚ ਕਿਹਾ,''ਸੂਬਾ ਸਰਕਾਰ, ਸਮਾਜਿਕ ਸੰਗਠਨਾਂ, ਖਾਪ ਪੰਚਾਇਤਾਂ, ਐੱਨ.ਜੀ.ਓ. ਅਤੇ ਸਿੱਖਿਆ, ਮਹਿਲਾ ਅਤੇ ਬਾਲ ਵਿਕਾਸ ਅਤੇ ਸਿਹਤ ਵਿਭਾਗਾਂ ਨੇ ਹਰਿਆਣਾ 'ਚ ਲਿੰਗ ਅਨੁਪਾਤ ਸੁਧਾਰਨ 'ਚ ਲਗਾਤਾਰ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਕੰਨਿਆ ਭਰੂਣ ਹੱਤਿਆ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਯਕੀਨੀ ਕੀਤੀ।'' ਉਨ੍ਹਾਂ ਕਿਹਾ,''ਇਨ੍ਹਾਂ ਸਮਰਪਿਤ ਕੋਸ਼ਿਸ਼ਾਂ ਕਾਰਨ ਹੀ ਅੱਜ ਹਰਿਆਣਾ 'ਚ ਹਰੇਕ 1000 ਮੁੰਡਿਆਂ 'ਤੇ 923 ਕੁੜੀਆਂ ਹਨ। 2014 'ਚ ਹਰੇਕ 1000 ਮੁੰਡਿਆਂ 'ਤੇ 871 ਕੁੜੀਆਂ ਸਨ।''

PunjabKesari

ਉਨ੍ਹਾਂ ਕਿਹਾ ਕਿ ਕਦੇ ਕੰਨਿਆ ਭਰੂਣ ਹੱਤਿਆ ਲਈ ਮਸ਼ਹੂਰ ਰਿਹਾ ਹਰਿਆਣਾ ਹੁਣ ਹਰ ਕੁੜੀ ਦੇ ਜਨਮ 'ਤੇ ਖੁਸ਼ੀ ਮਨਾਉਂਦਾ ਹੈ। ਕਰਨਾਲ 'ਚ ਰਾਜ ਪੱਧਰੀ 'ਸਨਮਾਨ ਸਮਾਰੋਹ' 'ਚ ਮੁੱਖ ਮੰਤਰੀ ਨੇ ਸਿੱਖਿਆ, ਸੰਸਕ੍ਰਿਤੀ, ਰੱਖਿਆ, ਗਾਇਕੀ, ਮੈਡੀਕਲ, ਸਮਾਜ ਕਲਿਆਣ, ਖੇਡਾਂ, ਹਵਾਬਾਜ਼ੀ ਵਰਗੇ ਵੱਖ-ਵੱਖ ਖੇਤਰਾਂ 'ਚ ਜ਼ਿਕਰਯੋਗ ਯੋਗਦਾਨ ਦੇਣ ਵਾਲੀਆਂ ਔਰਤਾਂ ਨੂੰ ਸਨਮਾਨ ਕੀਤਾ। ਇਕ ਅਧਿਕਾਰਤ ਬਿਆਨ ਅਨੁਸਾਰ, ਉਨ੍ਹਾਂ ਨੇ ਫਤਿਹਾਬਾਦ, ਅੰਬਾਲਾ ਅਤੇ ਜੀਂਦ 'ਚ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਕਦ ਪੁਰਸਕਾਰ ਵੀ ਦਿੱਤੇ। ਖੱਟੜ ਨੇ ਕਿਹਾ ਕਿ ਸੂਬੇ ਦੀ ਪੁਲਸ ਫ਼ੋਰਸ 'ਚ ਔਰਤਾਂ ਦਾ ਪ੍ਰਤੀਨਿਧੀਤੱਵ 2014 ਦੇ 6 ਫੀਸਦੀ ਦੇ ਮੁਕਾਬਲੇ ਅੱਜ ਵੱਧ ਕੇ 10 ਫੀਸਦੀ ਹੋ ਗਿਆ ਹੈ ਅਤੇ ਆਉਣ ਵਾਲੇ ਸਾਲਾਂ 'ਚ ਇਸ ਨੂੰ 15 ਫੀਸਦੀ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ,''ਉਹ ਕਹਿੰਦੇ ਹਨ ਕਿ ਹਰ ਸਫ਼ਲ ਆਦਮੀ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਮੇਰੀ ਮਾਂ ਨੇ ਮੇਰੀ ਸਫ਼ਲਤਾ 'ਚ ਵੱਡੀ ਭੂਮਿਕਾ ਨਿਭਾਈ ਹੈ।'' ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨੇ ਕਿਹਾ ਹੈ ਕਿ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸਹਿਯੋਗ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਮਾਂ ਨੇ ਕਾਲਜ 'ਚ ਦਾਖ਼ਲੇ ਲਈ ਉਨ੍ਹਾਂ ਨੂੰ 300 ਰੁਪਏ ਦਿੱਤੇ ਸਨ। ਖੱਟੜ ਨੇ ਕਿਹਾ,''ਮੈਂ ਆਪਣੀ ਸਫ਼ਲਤਾ ਆਪਣੀ ਮਾਂ ਨੂੰ ਸਮਰਪਿਤ ਕਰਦਾ ਹਾਂ। ਜੇਕਰ ਉਹ ਮੈਨੂੰ ਅੱਗੇ ਪੜ੍ਹਾਈ ਲਈ ਪੈਸਾ ਨਹੀਂ ਦਿੰਦੀ ਤਾਂ ਸ਼ਾਇਦ ਮੈਂ ਇਸ ਅਹੁਦੇ ਤੱਕ ਨਹੀਂ ਪਹੁੰਚ ਪਾਉਂਦਾ।'' ਉਨ੍ਹਾਂ ਇਹ ਵੀ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਨੂੰ 'ਮਹਿਲਾ ਸਨਮਾਨ ਦਿਵਸ' ਵਜੋਂ ਮਨਾਉਣਾ ਚਾਹੀਦਾ।

PunjabKesari


DIsha

Content Editor

Related News