ਹਰਿਆਣਾ ''ਚ ''ਕੋਰੋਨਾ'' ਦਾ ਬਲਾਸਟ, ਇਕ ਦਿਨ ''ਚ ਆਏ 155 ਨਵੇਂ ਮਾਮਲੇ

Wednesday, Jun 10, 2020 - 05:39 PM (IST)

ਹਰਿਆਣਾ (ਵਾਰਤਾ)- ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਅੱਜ ਭਾਵ ਬੁੱਧਵਾਰ ਨੂੰ 155 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,364 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1904 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਵੀ ਵੱਧ ਕੇ 3,414 ਤੱਕ ਪਹੁੰਚ ਗਏ ਹਨ। 

ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਨੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ। ਸੂਬੇ ਦੇ ਸਾਰੇ 22 ਜ਼ਿਲੇ ਇਸ ਸਮੇਂ ਕੋਰੋਨਾ ਦੀ ਲਪੇਟ ਵਿਚ ਹਨ। ਗੁਰੂਗ੍ਰਾਮ ਜ਼ਿਲੇ ਵਿਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗੁਰੂਗ੍ਰਾਮ ਵਿਚ ਅੱਜ ਕੋਰੋਨਾ ਦੇ 88 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸੋਨੀਪਤ 'ਚ 28, ਫਰੀਦਾਬਾਦ ਅਤੇ ਅੰਬਾਲਾ 'ਚ 13-13, ਹਿਸਾਰ ਅਤੇ ਚਰਖੀ ਦਾਦਰੀ 5-5, ਪੰਚਕੂਲਾ 'ਚ 2 ਅਤੇ ਸਿਰਸਾ 'ਚ 1 ਮਾਮਲਾ ਆਇਆ।

ਸੂਬੇ ਵਿਚ ਹੁਣ ਤੱਕ 81,620 ਕੋਰੋਨਾ ਸ਼ੱਕੀਆਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 49,365 ਲੋਕਾਂ ਨੇ ਕੁਆਰੰਟੀਨ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ 32,255 ਨਿਗਰਾਨੀ ਵਿਚ ਹਨ। ਹੁਣ ਤੱਕ 1,56,080 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 1,45,018 ਨੈਗੇਟਿਵ ਅਤੇ 14 ਇਟਾਲੀਅਨ ਨਾਗਰਿਕਾਂ ਸਮੇਤ 5,364 ਪਾਜ਼ੇਟਿਵ ਪਾਏ ਗਏ ਹਨ। 5,698 ਨਮੂਨਿਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਕੁੱਲ ਪਾਜ਼ੇਟਿਵ ਮਰੀਜ਼ਾਂ ਵਿਚੋਂ 1904 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।


Tanu

Content Editor

Related News