ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਅੰਬਾਲਾ 'ਚ ਲੱਗਾ ਟੀਕਾ
Friday, Nov 20, 2020 - 12:20 PM (IST)
ਹਰਿਆਣਾ- ਕੋਰੋਨਾ ਨਾਲ ਜੰਗ 'ਚ ਭਾਰਤ ਬਾਇਓਟੇਕ ਦੀ ਕੋਵੈਕਸੀਨ ਦਾ ਅੱਜ ਯਾਨੀ ਸ਼ੁੱਕਰਵਾਰ ਤੋਂ ਤੀਜਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਉਨ੍ਹਾਂ ਵਲੰਟੀਅਰ 'ਚ ਸ਼ਾਮਲ ਹਨ, ਜਿਨ੍ਹਾਂ ਦੇ ਉੱਪਰ ਇਸ ਵੈਕਸੀਨ ਦਾ ਟ੍ਰਾਇਲ ਹੋ ਰਿਹਾ ਹੈ। ਅਨਿਲ ਵਿਜ ਨੇ ਕਿਹਾ ਸੀ ਕਿ ਤੀਜੇ ਪੜਾਅ 'ਚ ਲਗਭਗ 26 ਹਜ਼ਾਰ ਲੋਕਾਂ 'ਤੇ ਟ੍ਰਾਇਲ ਕੀਤਾ ਜਾਵੇਗਾ। ਮੈਂ ਇਸ ਲਈ ਆਪਣਾ ਨਾਂ ਵੀ ਦਿੱਤਾ ਹੈ। ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਹਰਿਆਣਾ ਦੇ ਰੋਹਤਕ ਤੋਂ ਸ਼ੁੱਕਰਵਾਰ ਹੋ ਗਿਆ ਹੈ। ਅਨਿਲ ਵਿਜ ਨੂੰ ਅੰਬਾਲਾ ਕੈਂਟ ਸਥਿਤ ਨਾਗਰਿਕ ਹਸਪਤਾਲ 'ਚ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਵੈਕਸੀਨ ਦੇਣ ਤੋਂ ਪਹਿਲਾਂ ਟੀਮ ਨੇ ਐਂਟੀਬਾਡੀ ਅਤੇ ਆਰ.ਟੀ.ਪੀ.ਆਰ. ਜਾਂਚ ਲਈ ਉਨ੍ਹਾਂ ਦੇ ਸੈਂਪਲ ਲਏ। ਦੇਸ਼ 'ਚ ਕੁੱਲ 25 ਹਜ਼ਾਰ 800 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ। ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਸੀ ਕਿ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ। ਪਹਿਲੇ 200 ਵਲੰਟੀਅਰ ਨੂੰ ਡੋਜ਼ ਦਿੱਤੀ।
ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਵੈਕਸੀਨ ਦੀ 2 ਡੋਜ਼ ਹੋਣਗੀਆਂ। ਪਹਿਲੀ ਡੋਜ ਦੇਣ ਦੇ 28 ਦਿਨਾਂ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਸਾਨੂੰ ਉਮੀਦ ਹੈ ਕਿ ਵੈਕਸੀਨ 90 ਫੀਸਦੀ ਤੋਂ ਵੱਧ ਕਾਰਗਰ ਹੋਵੇਗੀ। ਦੱਸਣਯੋਗ ਹੈ ਕਿ ਭਾਰਤ ਬਾਇਓਟੇਕ ਇੰਡੀਅਨ ਕੰਪਨੀ ਹੈ, ਜੋ ਕੋਵੈਕਸੀਨ ਦੇ ਨਾਂ ਨਾਲ ਕੋਰੋਨਾ ਦੀ ਵੈਕਸੀਨ 'ਤੇ ਕੰਮ ਕਰ ਰਹੀ ਹੈ। ਭਾਰਤ ਬਾਇਓਟੇਕ ਵੈਕਸੀਨ ਦਾ ਨਿਰਮਾਣ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਕਰ ਰਹੀ ਹੈ। ਦੇਸ਼ 'ਚ ਕੁੱਲ 25 ਹਜ਼ਾਰ 800 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ। ਇਸ ਦੌਰਾਨ ਉਨ੍ਹਾਂ 'ਚ ਐਂਟੀਬਾਡੀ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ।