ਹਰਿਆਣਾ ਬਜਟ: ਵਿੱਤ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਇਹ ਸੌਗਾਤ
Monday, Feb 25, 2019 - 04:31 PM (IST)

ਹਰਿਆਣਾ— ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਪ੍ਰਦੇਸ਼ ਦੀ ਮਨੋਹਰ ਲਾਲ ਸਰਕਾਰ ਦਾ 5ਵਾਂ ਅਤੇ ਆਖਰੀ ਬਜਟ ਅੱਜ ਯਾਨੀ ਕਿ ਸੋਮਵਾਰ ਨੂੰ ਪੇਸ਼ ਕੀਤਾ। ਇਹ ਬਜਟ 1 ਲੱਖ 32 ਹਜ਼ਾਰ ਕਰੋੜ ਤੋਂ ਵਧ ਦਾ ਸੀ। ਬਜਟ ਪੂਰੀ ਤਰ੍ਹਾਂ ਨਾਲ ਟੈਕਸ ਮੁਕਤ ਰਿਹਾ। ਬਜਟ 'ਚ ਹਰ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਕਿਸਾਨਾਂ ਨੂੰ ਲੈ ਕੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਪਿਟਾਰੇ ਵਿਚੋਂ ਖਾਸ ਸੌਗਾਤ ਨਿਕਲੀ। ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਲਈ ਬਜਟ 2019-20 ਵਿਚ 3834.33 ਕਰੋੜ ਰੁਪਏ ਰੱਖੇ ਗਏ ਹਨ, ਜੋ ਕਿ 2018-19 ਦੇ 3670.29 ਕਰੋੜ ਰੁਪਏ ਦੇ ਬਜਟ ਦੀ ਤੁਲਨਾ ਵਿਚ 4.5 ਫੀਸਦੀ ਜ਼ਿਆਦਾ ਹੈ।
ਪਹਿਲੀ ਵਾਰ ਗੰਨਾ ਕਿਸਾਨਾਂ ਨੂੰ ਸਬਸਿਡੀ ਦਿੱਤੀ ਗਈ। ਗੰਨੇ ਲਈ 340 ਰੁਪਏ ਪ੍ਰਤੀ ਕੁਇੰਟਲ ਮੁੱਲ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਲਈ 16 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦਿੱਤੀ ਗਈ ਹੈ। ਕਿਸਾਨਾਂ ਦੀ ਪੈਨਸ਼ਨ ਲਈ ਬਜਟ ਵਿਚ ਵਿਵਸਥਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲਾਗੂ ਕੀਤਾ ਗਿਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਫੰਡ) ਯੋਜਨਾ ਲਈ 1500 ਕਰੋੜ ਰੁਪਏ। ਖੇਤੀਬਾੜੀ ਖੇਤਰ ਲਈ 2,210 ਕਰੋੜ ਰੁਪਏ ਦਾ ਬਜਟ, ਪਸ਼ੂ ਪਾਲਣ ਲਈ 1026 ਕਰੋੜ ਰੁਪਏ, ਬਾਗਬਾਨੀ ਲਈ 523 ਕਰੋੜ ਰੁਪਏ ਅਤੇ ਮੱਛੀ ਪਾਲਣ ਲਈ 73 ਕਰੋੜ ਰੁਪਏ ਦਾ ਖਰਚ ਸ਼ਾਮਲ ਹੈ। ਕੁਦਰਤੀ ਆਫਤ ਕਾਰਨ ਨੁਕਸਾਨ ਤੋਂ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ। ਕਿਸਾਨਾਂ ਨੂੰ ਪ੍ਰਤੀ ਏਕੜ 12,000 ਰੁਪਏ ਮੁਆਵਜ਼ਾ ਮਿਲੇਗਾ। ਇਸ ਤੋਂ ਇਲਾਵਾ ਸਾਲ 2018-19 'ਚ ਪਹਿਲੇ ਪੜਾਅ ਵਿਚ 15,000 ਪੰਪ ਅਤੇ ਸਾਲ 2019-20 ਵਿਚ ਦੂਜੇ ਪੜਾਅ ਵਿਚ 35,000 ਪੰਪ ਲਾਉਣ ਦੀ ਯੋਜਨਾ ਹੈ।