ਕਿਸਾਨਾਂ ਲਈ ਖ਼ੁਸ਼ਖਬਰੀ: ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਸਰ੍ਹੋਂ ਦੀਆਂ ਦੋ ਕਿਸਮਾਂ

Wednesday, Aug 17, 2022 - 04:17 PM (IST)

ਕਿਸਾਨਾਂ ਲਈ ਖ਼ੁਸ਼ਖਬਰੀ: ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਸਰ੍ਹੋਂ ਦੀਆਂ ਦੋ ਕਿਸਮਾਂ

ਚੰਡੀਗੜ੍ਹ– ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਿਗਿਆਨੀਆਂ ਨੇ ਸਰ੍ਹੋਂ ਦੀਆਂ ਦੋ ਨਵੀਆਂ ਉੱਨਤ ਕਿਸਮਾਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਕਿਸਮਾਂ ਦਾ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ, ਉੱਤਰੀ ਰਾਜਸਥਾਨ ਅਤੇ ਜੰਮੂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਯੂਨੀਵਰਿਸਟੀ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ’ਚ ਤੇਲ ਬੀਜ ਵਿਗਿਆਨੀਆਂ ਦੀ ਟੀਮ ਨੇ ਸਰ੍ਹੋਂ ਦੀ RH 1424 ਅਤੇ RH 1706 ਦੋ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ।

ਇਨ੍ਹਾਂ ਕਿਸਮਾਂ ਦੀ ਵਧੇਰੇ ਉਪਜ ਅਤੇ ਬਿਹਤਰ ਤੇਲ ਗੁਣਵੱਤਾ ਕਾਰਨ ਰਾਜਸਥਾਨ ਖੇਤੀ ਖੋਜ ਸੰਸਥਾ, ਦੁਰਗਾਪੁਰ ’ਚ ਆਲ ਇੰਡੀਆ ਏਕੀਕ੍ਰਿਤ ਖੋਜ ਪ੍ਰਾਜੈਕਟ ਦੀ ਹੋਈ ਬੈਠਕ ’ਚ ਹਰਿਆਣਾ, ਪੰਜਾਬ, ਦਿੱਲੀ, ਉੱਤਰੀ ਰਾਜਸਥਾਨ ਅਤੇ ਜੰਮੂ ਸੂਬਿਆਂ ’ਚ ਖੇਤੀ ਲਈ ਪਛਾਣ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ RH 1424 ਕਿਸਮ ਇਨ੍ਹਾਂ ਸੂਬਿਆਂ ’ਚ ਸਮੇਂ ਸਿਰ ਬਿਜਾਈ ਲਈ ਅਤੇ ਬਰਸਾਤੀ ਹਾਲਤਾਂ ’ਚ ਕਾਸ਼ਤ ਲਈ ਬਹੁਤ ਢੁਕਵੀਂ ਪਾਈ ਗਈ ਹੈ ਜਦੋਂ ਕਿ ਇਨ੍ਹਾਂ ਸੂਬਿਆਂ ਦੇ ਸਿੰਜਾਈ ਵਾਲੇ ਖੇਤਰਾਂ ’ਚ ਸਮੇਂ ਸਿਰ ਬਿਜਾਈ ਲਈ RH 1706 ਕਿਸਮ ਬਹੁਤ ਢੁਕਵੀਂ ਪਾਈ ਗਈ ਹੈ। ਇਹ ਕਿਸਮਾਂ ਉਪਰੋਕਤ ਸਰ੍ਹੋਂ ਉਗਾਉਣ ਵਾਲੇ ਸੂਬਿਆਂ ਦੀ ਉਤਪਾਦਕਤਾ ਵਧਾਉਣ ਲਈ ਮੀਲ ਪੱਥਰ ਸਾਬਤ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਸੂਬੇ ਪਿਛਲੇ ਕਈ ਸਾਲਾਂ ਤੋਂ ਸਰ੍ਹੋਂ ਦੀ ਫ਼ਸਲ ਦੀ ਉਤਪਾਦਕਤਾ ਪੱਖੋਂ ਦੇਸ਼ ਭਰ ਵਿਚ ਪਹਿਲੇ ਸਥਾਨ 'ਤੇ ਹੈ। ਇਹ ਇਸ ਯੂਨੀਵਰਸਿਟੀ ’ਚ ਸਰ੍ਹੋਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਵਿਕਾਸ ਅਤੇ ਕਿਸਾਨਾਂ ਵੱਲੋਂ ਉੱਨਤ ਤਕਨੀਕਾਂ ਨੂੰ ਅਪਣਾਏ ਜਾਣ ਕਾਰਨ ਸੰਭਵ ਹੋਇਆ ਹੈ। ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇਸ਼ ’ਚ ਸਰ੍ਹੋਂ ਦੀ ਖੋਜ ’ਚ ਇਕ ਮੋਹਰੀ ਕੇਂਦਰ ਹੈ ਅਤੇ ਹੁਣ ਤੱਕ ਇੱਥੇ ਸਰ੍ਹੋਂ ਦੀਆਂ ਕੁੱਲ 21 ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੀ ਚੰਗੀ ਪੈਦਾਵਾਰ ਦੀ ਸੰਭਾਵਨਾ ਹੈ। ਹਾਲ ਹੀ ’ਚ ਵਿਕਸਿਤ ਸਰ੍ਹੋਂ ਦੀ ਕਿਸਮ RH 725 ਸਰ੍ਹੋਂ ਉਗਾਉਣ ਵਾਲੇ ਕਈ ਸੂਬਿਆਂ ਦੇ ਕਿਸਾਨਾਂ ਵਿਚ ਬਹੁਤ ਮਸ਼ਹੂਰ ਹੈ।


author

Tanu

Content Editor

Related News